Go Back
20
Dec
2022

The annual event of Dreamland Public School Bassigujjran was impressive

Type : Acitivity



ਪ੍ਰਭਾਵਸ਼ਾਲੀ ਰਿਹਾ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦਾ ਸਾਲਾਨਾ-ਸਮਾਗਮ

ਮਿਸਾਲੀ ਅਤੇ ਪ੍ਰੇਰਕ-ਸਖਸ਼ੀਅਤ ਵਜੋਂ ਇੰਜ: ਗੁਰਮੇਲ ਸਿੰਘ ਦਾ ਕੀਤਾ ਸਨਮਾਨ

ਪਿੰਡ ਬਸੀ ਗੁੱਜਰਾਂ ਵਿਖੇ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਵੱਲੋਂ, ਚਲਾਏ ਜਾ ਰਹੇ ਅੰਗਰੇਜ਼ੀ ਮਾਧਿਅਮ ‘ਡਰੀਮਲੈਂਡ ਪਬਲਿਕ ਸਕੂਲ’ ਦਾ ਇਨਾਮ ਵੰਡ ਸਮਾਗਮ, ਇਸ ਲਈ ਯਾਦਗਾਰੀ ਰਿਹਾ, ਕਿਉਂਕਿ ਇਸ ਵਿੱਚ, ਕਠੋਰ ਹਾਲਤਾਂ ਵਿੱਚ ਪ੍ਰਵਾਨ ਚੜ੍ਹੇ ਇੰਜ: ਗੁਰਮੇਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਪਿੰਡਾਂ ਦੇ ਸਕੂਲਾਂ ਤੋਂ ਪੜ੍ਹਦਿਆਂ ਇੰਜ: ਗੁਰਮੇਲ ਸਿੰਘ, ਜੋ ਕੇਵਲ ਆਈ ਟੀ ਆਈ ਕਰਕੇ, ਟਿਊਬਵੈੱਲ ਉਪਰੇਟਰ ਲੱਗਾ ਸੀ ਅਤੇ ਬਾਅਦ ਵਿੱਚ, ਚੰਡੀਗੜ੍ਹ ਬਿਜਲੀ ਬੋਰਡ ਵਿੱਚ ਇਲੈਕਟ੍ਰੀਸ਼ਨ ਚੁਣਿਆਂ ਗਿਆ ਸੀ, ਨੇ ਆਪਣੀ ਨੌਕਰੀ ਦੌਰਾਨ ਹੀ ਕਠੋਰ ਸਾਧਨਾਂ ਕਰਕੇ ਤਕਨੀਕੀ ਸਿੱਖਿਆ ਹਾਸਲ ਕੀਤੀ ਸੀ, ਉਪਰੰਤ ਪਹਿਲਾਂ ਲਾਈਨਮੈਨ, ਫਿਰ ਜੇ ਈ ਅਤੇ ਬਾਅਦ ਵਿੱਚ ਐਡੀਸ਼ਨਲ ਐੱਸ ਡੀ ਓ ਬਣਿਆਂ ਸੀ, ਜੋ 2020 ਤੋਂ ਐੱਸ ਡੀ ਓ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ’ਤੇ ਗੁਰਮੇਲ ਸਿੰਘ ਨੇ ਨੌਕਰੀ ਕਰਦਿਆਂ ਕੀਤੀ ਆਪਣੀ ਸਖਤ-ਸਾਧਨਾਂ ਬਾਰੇ ਦੱਸਦਿਆਂ, ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਜੀਵਨ ਵਿੱਚ ਸਫਲਤਾ ਦੇ ਟੀਚੇ ਮਿੱਥਣ ਅਤੇ ਸੰਤੁਸ਼ਟੀ ਜਿਹੇ ਮਾਰੂ ਰੋਗ ਤੋਂ ਬਚਣ। ਉਨ੍ਹਾਂ ਕਿਹਾ ਕਿ ਤੀਸਰੇ ਦਰਜੇ ਦੀ ਨੌਕਰੀ ਕਰਦਿਆਂ ਉਸਨੇ ਸੰਕਲਪ ਲੈ ਲਿਆ ਸੀ ਕਿ ਉਹ ਆਪਣੀ ਲਿਆਕਤ ਦੇ ਬਲਬੂਤੇ ਇੱਕ ਦਿਨ ਵਕਾਰੀ ਆਹੁਦੇ ’ਤੇ ਪਹੁੰਚੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਟੀਚੇ ਮਿੱਥ ਕੇ ਪੜ੍ਹਨ ਅਤੇ ਸਿੱਖਣ ਵਾਲੇ ਵਿਦਿਆਰਥੀ, ਔਖੀਆਂ ਹਾਲਤਾਂ ਵਿੱਚ ਵੀ ਆਪਣੇ ਰਸਤੇ, ਆਪ ਕੱਢ ਲੈਂਦੇ ਹਨ। ਇਸ ਮੌਕੇ ’ਤੇ ਉਨ੍ਹਾਂ ਸੰਸਥਾ ਦੀ ਨਿਰਮਾਣ ਅਧੀਨ ਇਮਾਰਤ ਲਈ 51000 ਰੁਪਏ ਸਹਾਇਤਾ ਵਜੋਂ ਭੇਟ ਕੀਤੇ। ਇਸ ਮੌਕੇ ’ਤੇ ਸੈਸ਼ਨ 2021-22 ਦੀ ਸਾਲਾਨਾ-ਪ੍ਰੀਖਿਆ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਨੇ ਫੈਂਸੀ-ਡਰੈੱਸ, ਕਵਿਤਾਵਾਂ, ਗੀਤ, ਕੋਰਿਓਗ੍ਰਾਫੀਆਂ, ਭੰਗੜਾ, ਗਿੱਧਾ, ਨ੍ਰਿਤ, ਨਾਟਕ, ਮਾਈਮ ਆਦਿ ਕਲਾ-ਵੰਨਗੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਪ੍ਰਗਤੀ-ਰਿਪੋਰਟ ਪੜ੍ਹਦਿਆਂ ਦੱਸਿਆ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ‘ਸਾਮੀਂ’ ਨਹੀਂ ਸਮਝਿਆ ਜਾਂਦਾ, ਸਗੋਂ ਉਨ੍ਹਾਂ ਨੂੰ ਭਵਿੱਖ ਦੇ ਮਾਣਮੱਤੇ ਇਨਸਾਨ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਨਕਲ ਅਤੇ ਟਿਊਸ਼ਨ ਨੂੰ ਨਿਰਉਤਸ਼ਾਹਿਤ ਕਰਦੇ ਆ ਰਹੇ ਹਾਂ। ਉਨ੍ਹਾਂ ਮਾਪਿਆਂ ਨੂੰ ਜ਼ੋਰਦਾਰ ਤਾਕੀਦ ਕੀਤੀ ਕਿ ਉਹ ਲੋੜ ਪੈਣ ’ਤੇ ਆਪਣੇ ਬੱਚਿਆਂ ਨੂੰ ਨਿਗਰਾਨੀ ਅਧੀਨ ਹੀ ਮੋਬਾਈਲ ਚਲਾਉਣ ਦੀ ਆਗਿਆ ਦੇਣ ਅਤੇ ਉਨ੍ਹਾਂ ਨੂੰ ਬਾਲਗ ਹੋਣ ਦੀ ਹੱਦ ਤੱਕ ਦੋ-ਪਹੀਆ ਵਾਹਨ ਚਲਾਉਣ ਤੋਂ ਵਰਜਣ। ਸਮਾਗਮ ਨੂੰ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ, ਪੰਜਾਬੀ ਫਿਲਮ ਸਨਅਤ ਦੇ ਅਦਾਕਾਰਾਂ ਮਲਕੀਤ ਰੌਣੀ ਅਤੇ ਗੁਰਪ੍ਰੀਤ ਭੰਗੂ ਨੇ ਆਪਣੇ ਸੰਬੋਧਨ ਵਿੱਚ ਮਿਹਨਤੀ ਸਟਾਫ ਦੀ ਸਰਾਹਨਾ ਕੀਤੀ। ਉਨ੍ਹਾਂ ਸਕੂਲੀ ਸਿੱਖਿਆ ਦੌਰਾਨ, ਮਾਪਿਆਂ ਦੀ ਪਹਿਰੇਦਾਰੀ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਜਿੱਥੇ ਸੰਸਥਾ ਦੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਆਪਣੇ ਬੱਚਿਆਂ ਦੀ ਸਰਗਰਮ ਪਹਿਰੇਦਾਰੀ ਕਰਨ ਵਾਲੇ ਮਾਪਿਆਂ ਦਾ ਸਨਮਾਨ ਵੀ ਕੀਤਾ ਗਿਆ। ਮਾਪਿਆਂ ਦੇ ਨੁਮਾਂਇੰਦਿਆਂ ਵਜੋਂ ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਰਣਧੀਰ ਕੌਰ ਨੇ ਸੰਬੋਧਨ ਕੀਤਾ। ਸੰਸਥਾ ਦੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਸਿੱਖਿਆ ਵਿੱਚ ਮਿਸ਼ਨਰੀ ਪਹੁੰਚ ਰੱਖਣ ਵਜੋਂ, ਜੇਕਰ ਤਹਿਸੀਲ ਚਮਕੌਰ ਸਾਹਿਬ ਦਾ ਕੋਈ ਵਿੱਦਿਆਰਥੀ ਪੰਜਾਬ ਮੈਰਿਟ ਵਿੱਚੋਂ ਪਹਿਲਾ ਸਥਾਨ ਹਾਸਲ ਕਰੇਗਾ ਤਾਂ ਪ੍ਰਬੰਧਕੀ ਕਮੇਟੀ ਉਸਨੂੰ 51000 ਰੁਪਏ ਦਾ ਨਕਦ ਇਨਾਮ ਦੇਵੇਗੀ, ਜਦੋਂ ਕਿ ਪੰਜਾਬ ਮੈਰਿਟ ਵਿੱਚ ਆਏ ਹਰ ਵਿਦਿਆਰਥੀ ਨੂੰ 21000 ਰੁਪਏ ਦਾ ਇਨਾਮ ਦੇਵੇਗੀ। ਉਨ੍ਹਾਂ ਵਿਦਿਅਰਥੀਆਂ ਨੂੰ ਇੱਕ ਦੂਜੇ ਨਾਲ ਸਿਹਤਮੰਦ-ਮੁਕਾਬਲਾ ਕਰਨ ਲਈ ਪ੍ਰੇਰਿਆ। ਇਸ ਮੌਕੇ ’ਤੇ ਪ੍ਰਬੰਕੀ ਕਮੇਟੀ ਮੈਂਬਰ ਸ੍ਰੀਮਤੀ ਕੁਲਦੀਪ ਕੌਰ, ਹਰਵਿੰਦਰ ਸਿੰਘ, ਬੇਅੰਤ ਕੌਰ, ਜਗਮੀਤ ਕੌਰ, ਅਮਰ ਸਿੰਘ, ਪਿੰਡ ਬਸੀ ਗੁੱਜਰਾਂ ਦੇ ਸਰਪੰਚ ਜਸਵੰਤ ਸਿੰਘ ਲਾਡੀ, ਵੀਰਇੰਦਰ ਸਿੰਘ, ਸਰਬਜੀਤ ਸਿੰਘ, ਮਿਸਤਰੀ ਮੋਹਣ ਸਿੰਘ ਖੁਮਾਣੋ, ਨਰਿੰਦਰ ਸਿੰਘ, ਅੰਮ੍ਰਿਤਪਾਲ ਕੌਰ, ਸਰਬਜੀਤ ਕੌਰ, ਹਰਦੀਪ ਕੌਰ, ਗੁਰਵਿੰਦਰ ਕੌਰ, ਸਿਮਰਨਜੀਤ ਕੌਰ, ਵਰਿੰਦਰ ਕੌਰ, ਦਲਜੀਤ ਕੌਰ, ਕਿਰਨਜੀਤ ਕੌਰ, ਗੁਰਸ਼ਰਨ ਕੌਰ, ਅੰਮ੍ਰਿਤਪਾਲ ਕੌਰ, ਏਕਤਾ, ਸ਼ਿਵਾਨੀ ਆਦਿ ਸ਼ਾਮਲ ਸਨ।

ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਵਿਖੇ ਕਰਵਾਏ ਗਏ ਸਲਾਨਾਂ ਸਮਾਗਮ ਦੌਰਾਨ, ਮਿਸਾਲੀ ਕਿਰਦਾਰ ਵਜੋਂ ਇੰਜ: ਗੁਰਮੇਲ ਸਿੰਘ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼ ਅਤੇ ਹੋਰ ਤਸ਼ਵੀਰਾਂ