Go Back
19
Aug
2023

The festival was celebrated at Kang Memorial Educational Institutions

Type : Acitivity



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ ਤੀਆਂ ਦਾ ਤਿਓਹਾਰ ਮਨਾਇਆ

ਸੱਭਿਆਚਾਰਕ ਵੰਨਗੀਆਂ ਨਾਲ ਅਹਾਤਾ ਝੂੰਮ ਉੱਠਿਆ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ਮਨਾਏ ਗਏ ਤੀਆਂ ਦੇ ਤਿਓਹਾਰ ਵਿੱਚ ਸਕੂਲ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥਣਾ ਨੇ, ਵੱਖ ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ, ਸੰਸਥਾ ਦਾ ਅਹਾਤਾ ਝੂੰਮਣ ਲਾ ਦਿੱਤਾ। ਇਸ ਮੇਲੇ ਦੀ ਪ੍ਰਧਾਨਗੀ ਨਜ਼ਦੀਕੀ ਪਿੰਡ ਕੰਧੋਲਾ ਦੇ ਸੁਤੰਤਰਤਾ ਸੈਨਾਨੀ ਪਰਿਵਾਰ ਦੀ ਮੁਖੀ ਸ੍ਰੀਮਤੀ ਬਲਵੰਤ ਕੌਰ ਅਤੇ ਪਿੰਡ ਬਸੀ ਗੁੱਜਰਾਂ ਦੀ ਸਾਬਕਾ ਸਰਪੰਚ ਤੇ ਪ੍ਰਬੰਧਕੀ ਕਮੇਟੀ ਮੈਂਬਰ ਸ੍ਰੀਮਤੀ ਕੁਲਦੀਪ ਕੌਰ ਧਾਰਨੀ ਨੇ ਕੀਤੀ, ਜਦੋਂ ਕਿ ਇਸ ਸਮਾਰੋਹ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਵੱਡੀ ਪੱਧਰ ’ਤੇ ਸ਼ਾਮਲ ਹੋਈਆਂ। ਕਲਾ-ਵੰਨਗੀਆਂ ਵਿੱਚ ਗਿੱਧਾ, ਝੂੰਮਰ, ਸਿੱਠਣੀਆਂ, ਜਾਗੋ, ਸੁਹਾਗ, ਘੋੜੀਆਂ, ਲੋਕ ਬੋਲੀਆਂ, ਕੋਰਿਓਗਰਾਫੀਆਂ, ਵੱਖ ਵੱਖ ਪ੍ਰਕਾਰ ਦੇ ਮੁਕਾਬਲੇ ਆਦਿ ਪੇਸ਼ਕਾਰੀਆਂ ਸਨ, ਜਦੋਂ ਕਿ ਵਿਦਿਆਥਣਾ ਨੇ ਪੀਂਘ ਝੂਟਣ ਦਾ ਅਨੰਦ ਵੀ ਲਿਆ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਮੁੱਢ ਕਦੀਮ ਤੋਂ ਮਨਾਇਆ ਜਾਂਦਾ ਤੀਆਂ ਦਾ ਤਿਓਹਾਰ, ਸਾਡੇ ਸੱਭਿਆਚਾਰ ਦੀ ਅਮੀਰ ਪਰੰਪਰਾ ਹੈ, ਜਦੋਂ ਮੁਟਿਆਰਾਂ ਜੀਵਨ ਦੇ ਰਸ ਨੂੰ ਕਲਾ-ਵੰਨਗੀਆਂ ਦੁਆਰਾ ਜਿਊਂਦੀਆਂ ਹਨ। ਇਹ ਅਜਿਹਾ ਮੌਕਾਮੇਲ ਹੁੰਦਾ ਹੈ, ਜਦੋਂ ਦੂਰ-ਦਰਾਜ ਦੀਆਂ ਸਹੇਲੀਆਂ ਇੱਕ ਦੂਜੀ ਦੀ ਗਲਵੱਕੜੀ ਬਣਦੀਆਂ ਹਨ, ਖੈਰ-ਸੁੱਖ ਮੰਗਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾਵਾਂ ਦੇ ਅਜਿਹੇ ਮੇਲਿਆਂ ਵਿੱਚ ਰੌਚਿਕਤਾ ਲਿਆਉਣੀ ਸਾਡਾ ਫਿਕਰ ਰਹੇਗਾ ਅਤੇ ਕਾਮਨਾ ਕੀਤੀ ਕਿ ਹਰੇਕ ਦੇ ਜੀਵਨ ਵਿੱਚ ਇਸ ਤਿਓਹਾਰ ਵਰਗਾ ਖੇੜਾ ਬਣਿਆਂ ਰਹੇ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਇਸ ਮੇਲੇ ਦੀ ਖੂੁਬਸੂਰਤ ਪੇਸ਼ਕਾਰੀ ਬਦਲੇ ਵਿਦਿਆਰਥਣਾ ਅਤੇ ਸਟਾਫ ਮੈਂਬਰਾਂ ਦੀ ਸਰਾਹਨਾ ਕੀਤੀ। ਉਨ੍ਹਾਂ ਵੱਡੀ ਪੱਧਰ ’ਤੇ ਮੇਲੇ ਵਿੱਚ ਆਈਆਂ, ਵਿਦਿਆਰਥੀਆਂ ਦੀਆਂ ਮਾਵਾਂ ਦਾ ਧੰਨਵਾਦ ਕੀਤਾ। ਮਿਸ ਤੀਜ ਦਾ ਖਿਤਾਬ ਬਾਰਵੀਂ ਦੀਆਂ ਵਿਦਿਆਰਥਣਾ ਸਿਮਰਨਜੀਤ ਕੌਰ ਅਤੇ ਪਾਵਨੀ ਵਿੱਜ ਦੇ ਹਿੱਸੇ ਆਇਆ। ਇਸ ਮੇਲੇ ਦੀ ਤਿੰਨ ਦਿਨ੍ਹਾਂ ਤਿਆਰੀ ਦੌਰਾਨ ਹੀ ਸੰਸਥਾ ਦੇ ਛੋਟੇ ਵਿਦਿਆਰਥੀਆਂ ਨੂੰ ਕਲਾ ਵੰਨਗੀਆਂ ਦੁਆਰਾ, ਤੀਆਂ ਨਾਲ ਜੋੜਿਆ ਗਿਆ ਅਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਦਸਤਾਰ ਮੁਕਾਬਲੇ ਕਰਾਏ ਗਏ। ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਕਤਲੌਰ ਵਾਸੀ ਵਿਦਿਆਰਥੀ ਅਮਰਿੰਦਰ ਸਿੰਘ ਨੂੰ ਬਿਹਤਰੀਨ ਵਿਦਿਆਰਥੀ ਦਾ ਖਿਤਾਬ ਮਿਲਿਆ। ਮੇਲੇ ਦੀ ਇਕੱਤਰਤਾ ਨੂੰ ਸੀਨੀਅਰ ਸਟਾਫ ਸ੍ਰੀਮਤੀ ਬੇਅੰਤ ਕੌਰ ਅਤੇ ਸਰੀਰਕ ਸਿੱਖਿਆ ਅਧਿਆਪਕ ਵੀਰਇੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਸਰਬਜੀਤ ਸਿੰਘ ਮੀਲੂ, ਮਨਪ੍ਰੀਤ ਕੌਰ, ਨਰਿੰਦਰ ਕੌਰ, ਦਲਜੀਤ ਕੌਰ, ਜਗਮੀਤ ਕੌਰ, ਰਵਿੰਦਰ ਕੌਰ, ਬਰਿੰਦਰ ਕੌਰ, ਤਰਬਜੋਤ ਕੌਰ, ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਮਨਜੀਤ ਕੌਰ, ਸੁਖਦੀਪ ਕੌਰ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ ਤੀਆਂ ਦਾ ਤਿਓਹਾਰ ਮਨਾਏ ਜਾਣ ਸਮੇਂ ਫੁਲਕਾਰੀਆਂ ਕੱਢਦੀਆਂ ਅਤੇ ਤੀਆਂ ਦੇ ਗੀਤ ਗਾਉਂਦੀਆਂ ਮੁਟਿਆਰਾਂ