Go Back
06
Sep
2023

Emphasis was placed on commitment to the profession during Teachers Day

Type : Acitivity



ਅਧਿਆਪਕ-ਦਿਵਸ ਦੌਰਾਨ ਕਿੱਤੇ ਪ੍ਰਤੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ ਗਿਆ

ਖੁਦ ਬਲ਼ ਕੇ ਚਾਨਣ ਕਰਨ ਦਾ ਨਾਂ ਹੁੰਦਾ ਹੈ ਅਧਿਆਪਨ ਕਿੱਤਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ, ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ਮਨਾਏ ਗਏ ਅਧਿਆਪਕ-ਦਿਵਸ ਦੌਰਾਨ, ਅਧਿਆਪਨ ਕਿੱਤੇ ਦੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ ਗਿਆ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਇਸ ਕਿੱਤੇ ਵਿੱਚਲੀ ਪ੍ਰਤੀਬੱਧਤਾ, ਸਿਹਤਮੰਦ-ਸਮਾਜ ਸਿਰਜਣ ਵਿੱਚ ਸਹਾਈ ਹੁੰਦੀ ਹੈ, ਜਦੋਂ ਕਿ ਇਸ ਕਿੱਤੇ ਨਾਲ ਕੀਤੀ ਬੇਇਨਸਾਫ਼ੀ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਦੱਸਿਆ ਗਿਆ ਕਿ ਪ੍ਰਤੀਬੱਧ-ਅਧਿਆਪਨ ਦੀ ਵਡਿਆਈ ਇਸ ਲਈ ਅਕੱਥ ਹੁੰਦੀ ਹੈ, ਕਿਉਂਕਿ ਦੁਨੀਆਂ ਨੂੰ ਵਿਗਿਆਨਕ-ਨਜ਼ਰੀਏ ਤੋਂ ਵੇਖਣ ਲਈ, ਇਹ ਕਿੱਤਾ ਆਪਣੇ ਸ਼ਗਿਰਦਾਂ ਵਿੱਚ, ਮਨੁੱਖੀ-ਸੰਵੇਦਨਾਂ ਦੀ ਤੀਸਰੀ ਅੱਖ ਖੋਲ੍ਹਦਾ ਹੈ। ਇਸ ਮੌਕੇ ’ਤੇ ਅਧਿਆਪਕਾਂ ਅਤੇ ਸ਼ਗਿਰਦਾਂ ਦੇ ਬੇਗਰਜ ਰਿਸ਼ਤਿਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਗਈਆਂ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਕਿਹਾ ਕਿ ਇੱਕ ਅਧਿਆਪਕ ਆਪਣੇ ਸ਼ਗਿਰਦਾਂ ਲਈ ਸੁੱਘੜ ਮਾਂ, ਮਾਲੀ ਅਤੇ ਦੋਸਤ ਜਿਹੇ ਰਿਸ਼ਤੇ ਨਿਭਾਉਂਦਾ ਹੋਇਆ, ਮਨੋਵਿਗਿਆਨਕ ਪੱਧਰ ’ਤੇ ਆਪਣੇ ਵਿਦਿਆਰਥੀਆਂ ਦੀ ਕਾਇਆਕਲਪ ਕਰਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਆ ਕਿ ਉਹ ਪਹਿਰਾਵੇ, ਵਿਸ਼ੇ ’ਤੇ ਪਕੜ, ਸਾਥੀ ਅਧਿਆਪਕਾਂ ਨਾਲ ਸਬੰਧ, ਲਾਇਬਰੇਰੀ ਨਾਲ ਜੁੜਨ, ਬੋਲਣ ਦਾ ਸਲੀਕਾ ਆਦਿ ਮਨੁੱਖੀ ਗੁਣ ਅਪਣਾ ਕੇ, ਉਹ ਆਪਣੇ ਸ਼ਗਿਰਦਾਂ ਲਈ ਆਦਰਸ਼ ਬਣਨ। ਸਾਂਝੇ ਤੌਰ ’ਤੇ ਇਹ ਸਹਿਮਤੀ ਬਣੀ ਕਿ ਵਿਦਿਆਰਥੀਆਂ ਵੱਲੋਂ, ਘਰਾਂ ਵਿੱਚ ਜਾ ਕੇ ਕੀਤੀ ਜਾਂਦੀ ਮੁਬਾਈਲ ਦੀ ਬੇਲੋੜੀ ਵਰਤੋ ਵਿਰੁੱਧ, ਮਾਪਿਆਂ ਨੂੰ ਯੋਗ ਪਹਿਰੇਦਾਰ ਬਣਨ ਲਈ ਲਗਾਤਾਰ ਪ੍ਰੇਰਿਆ ਜਾਂਦਾ ਰਹੇ। ਇਸ ਸਮੇਂ ਬੇਅੰਤ ਕੌਰ, ਜਗਮੀਤ ਕੌਰ, ਬਰਿੰਦਰ ਕੌਰ, ਹਰਦੀਪ ਕੌਰ, ਮਨਪ੍ਰੀਤ ਕੌਰ, ਨਰਿੰਦਰ ਸਿੰਘ, ਸਰਬਜੀਤ ਸਿੰਘ, ਗਗਨਦੀਪ ਕੌਰ, ਵੀਰਇੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ’ਤੇ ਅਧਿਆਪਕਾਂ ਨੇ ਸੰਕਲਪ ਲਿਆ ਕਿ ਉਹ ਆਪਣੇ ਕਿੱਤੇ ਵਿੱਚ ਪ੍ਰਤੀਬੱਧਤਾ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ’ਤੇ ਨਰਿੰਦਰ ਕੌਰ, ਸਿਮਰਨਜੀਤ ਕੌਰ, ਸਰਬਜੀਤ ਕੌਰ, ਸੁਖਦੀਪ ਕੌਰ, ਦਲਜੀਤ ਕੌਰ, ਕਿਰਨਜੋਤ ਕੌਰ, ਮਧੂ ਬਾਲਾ ਆਦਿ ਮੌਜੂਦ ਸਨ।

ਅਧਿਆਪਕ ਦਿਵਸ ਦੌਰਾਨ, ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਸਟਾਫ ਮੈਂਬਰ, ਯਾਦਗਾਰੀ ਤਸਵੀਰ ਖਿਚਾਉਣ ਸਮੇਂ