Go Back
16
Nov
2023

Remembered Shaheed Kartar Singh Sarabha and his fellow martyrs

Type : Acitivity



ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀ ਸ਼ਹੀਦਾਂ ਨੂੰ ਯਾਦ ਕੀਤਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ਼੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ, ਵਿਸ਼ੇਸ਼ ਇਕੱਤਰਤਾ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਨਾਲ ਹੀ ਸ਼ਹੀਦ ਹੋਏ, ਉਸਦੇ 6 ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ’ਤੇ ਅਧਾਰਤ ਡਾਕੂਮੈਂਟਰੀ ਵਿਖਾਈ ਗਈ ਅਤੇ ਡਾ: ਬਲਜੀਤ ਸਿੰਘ ਵਿਰਕ ਦਾ ਲਿਖਿਆ ਲੇਖ ‘ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸੱਤ ਸੂਰਮਿਆਂ ਦੀ ਸ਼ਹੀਦੀ’ ਪੜਿ੍ਹਆ ਗਿਆ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ ਕਿ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਭ ਨੂੰ ਆਪਣੇ ਜੀਵਨ ਦੇ ਰੰਗ ਮਾਣਦੇ ਸਮੇਂ, ਮਨੁੱਖਤਾ ਨੂੰ ਮੋਹ ਕਰਨ ਵਾਲੇ ਸ਼ਹੀਦਾਂ ਦੇ ਅਹਿਸਾਨ ਨੂੰ ਹਮੇਸਾਂ ਯਾਦ ਰੱਖਿਆ ਜਾਵੇ, ਜਿਨ੍ਹਾਂ ਨੇ ਆਪਣੇ ਲਹੂ ਨਾਲ ਸਾਡੇ ਜੀਵਨ ਵਿੱਚ ਰੰਗ ਭਰੇ ਹਨ। ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਦੇ ਨਾਇਕਾਂ ਨੂੰ ਯਾਦ ਰੱਖੀਏ, ਉਨ੍ਹਾਂ ਦੇ ਸ਼ੁਕਰਗੁਜਾਰ ਰਹੀਏ ਅਤੇ ਖਲਨਾਇਕਾਂ ਨੂੰ ਘ੍ਰਿਣਾ ਕਰਦੇ ਰਹੀਏ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਦੇਸ਼-ਪਿਆਰ, ਆਪਣੇ-ਆਪ ਨੂੰ ਕੀਤੇ ਮੋਹ ਤੋਂ ਸ਼ੁਰੂ ਹੁੰਦਾ ਹੈ, ਜ਼ਰੂਰੀ ਹੈ ਕਿ ਹਰ ਵਿਦਿਆਰਥੀ ਮਨੁੱਖੀ-ਜੀਵਨ ਦੀ ਅਹਿਮੀਅਤ ਨੂੰ ਸਮਝੇ ਅਤੇ ਆਪਣੇ ਅੱਜ ਨਾਲ ਇਨਸਾਫ ਕਰਨ ਦਾ ਸੰਕਲਪ ਲਵੇੇ। ਉਨ੍ਹਾਂ ਭਰ ਜਵਾਨੀ ਵਿੱਚ ਸ਼ਹੀਦ ਸਰਾਭਾ ਦੀ ਲਾਸਾਨੀ ਸ਼ਹਾਦਤ ਦਾ ਵਰਨਣ ਕੀਤਾ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ ਕਿ ਨਿਰਦਈ ਅੰਗਰੇਜ਼ ਹਕੂਮਤ ਨੇ ਬੇਹੱਦ ਜ਼ਾਲਮਾਨਾਂ ਕਾਰਵਾਈ ਕਰਦਿਆਂ ਪਹਿਲੇ ਲਾਹੌਰ ਸਾਜਿਸ਼ ਕੇਸ ਵਿੱਚ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਹਰਨਾਮ ਸਿੰਘ, ਬਖਸ਼ੀਸ਼ ਸਿੰਘ, ਸੁਰੈਣ ਸਿੰਘ (ਛੋਟਾ) ਅਤੇ ਸੁਰੈਣ ਸਿੰਘ (ਵੱਡਾ) ਨੂੰ ਫਾਹੇ ਲਾ ਦਿੱਤਾ ਸੀ। ਖੇਡ ਅਧਿਆਪਕ ਵੀਰਇੰਦਰ ਸਿੰਘ ਅਤੇ ਸੰਗੀਤ ਅਧਿਆਪਕ ਸਰਬਜੀਤ ਸਿੰਘ ਮੀਲੂ ਅਨੁਸਾਰ, ਸਾਡੇ ਸ਼ਹੀਦਾਂ ਦੀਆਂ ਇਹ ਸਹਾਦਤਾਂ ਹੀ ਸਨ, ਜਿਨ੍ਹਾਂ ਨੇ ਉਸ ਸਮੇਂ ਅੰਗਰੇਜ਼ ਹਕੂਮਤ ਦੀ ਕਬਰ ਪੁੱਟੀ ਸੀ। ਇਸ ਮੌਕੇ ’ਤੇ ਬੇਅੰਤ ਕੌਰ, ਜਸਮੀਤ ਕੋਰ, ਬਲਜਿੰਦਰ ਸਿੰਘ, ਗਗਨਦੀਪ ਕੌਰ, ਦਲਜੀਤ ਕੌਰ, ਨਰਿੰਦਰ ਸਿੰਘ, ਜਸਪ੍ਰੀਤ ਕੌਰ, ਹਰਦੀਪ ਕੌਰ, ਕਿਰਨਜੋਤ ਕੌਰ, ਵਰਿੰਦਰ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸ਼ਹੀਦ ਸਾਥੀਆਂ ਨੂੰ ਸ਼ਰਧਾਜਲੀ ਭੇਟ ਕਰਦੇ ਸਮੇਂ