Go Back
29
Mar
2024

Students from needy families are adopted for free education

Type : Social



ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀ ਮੁਫਤ ਸਿੱਖਿਆ ਲਈ ਅਪਣਾਏ


ਤਸਵੀਰ: ਮੁਫਤ ਸਿੱਖਿਆ ਲਈ ਚੁਣੇ ਗਏ ਵਿਦਿਆਰਥੀਆਂ ਨੂੰ, ਸਟਾਫ ਦੇ ਰੂਪ ਵਿੱਚ, ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ, ਰਸਮੀ ਤੌਰ ’ਤੇ ਗਲ਼ ਲਾਉਣ ਸਮੇਂ

ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿੱਚ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀ, ਵਿੱਦਿਅਕ-ਸ਼ੈਸ਼ਨ 2024-25 ਤੋਂ ਮੁਫਤ ਸਿੱਖਿਆ ਲਈ ਅਪਣਾ ਲਏ ਗਏ ਹਨ। ਇਹ ਨਿਰਨਾ ਹਰ ਸਾਲ ਦੀ ਤਰ੍ਹਾਂ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਰਖ-ਪ੍ਰੀਖਿਆ ਦੁਆਰਾ, ਯੋਗ ਵਿਦਿਆਰਥੀਆਂ ਦੀ ਚੋਣ ਇੱਕ ਯੋਗ-ਪ੍ਰਣਾਲੀ ਦੁਆਰਾ ਕੀਤੀ ਗਈ। ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਤੋਂ ਬਾਅਦ ਸੰਸਥਾ ਦੀ ਪ੍ਰਬੰਧਕੀ ਕਮੇਟੀ ਘਰ ਘਰ ਜਾ ਕੇ ਨਿਰੀਖਣ ਕਰਦੀ ਹੈ। ਦੱਸਿਆ ਗਿਆ ਕਿ ਪ੍ਰਬੰਧਕੀ ਕਮੇਟੀ ਦੇ ਮਿਸ਼ਨਰੀ ਖਾਸੇ ਦੀ ਬਦੌਲਤ, ਇਲਾਕੇ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਹਰ ਸਾਲ ਦਿੱਤਾ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ +2 ਤੱਕ ਮੁਫਤ ਪੜ੍ਹਾਇਆ ਜਾਂਦਾ ਹੈ, ਅਤੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਨਾਤਕ, ਮਾਸਟਰ ਅਤੇ ਡਾਕਟਰੇਟ ਡਿਗਰੀਆਂ ਤੱਕ ਪੜ੍ਹਾਇਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ ਨੇ ਦੱਸਿਆ ਕਿ ਬੀਤੇ 22 ਸਾਲਾਂ ਤੋਂ ਚੱਲਦੀ ਇਸ ਸਹੂਲਤ ਨੇ ਸੈਕੜੇ ਵਿਦਿਆਰਥੀਆਂ ਦੀਆਂ ਤਕਦੀਰਾਂ ਬਦਲ ਦਿੱਤੀਆਂ ਹਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਦੇਸ਼/ਵਿਦੇਸ਼ ਦੇ ਕੁੱਝ ਸਮਰੱਥ ਮਿਹਰਬਾਨ ਅਜਿਹੇ ਵਿਦਿਆਰਥੀਆਂ ਵਿੱਚੋਂ ਕੁੱਝ ਨੂੰ ਅਪਣਾ ਵੀ ਲੈਂਦੇ ਹਨ, ਜਦੋਂ ਕਿ ਬਾਕੀ ਦਾ ਵਿਤੀ ਬੋਝ ਪ੍ਰਬੰਧਕੀ ਕਮੇਟੀ ਉਠਾਉਂਦੀ ਹੈ। ਉਨ੍ਹਾਂ ਦੋਖੀ ਰਾਜਸੀ ਵਿਵਸਥਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਅਮੀਰੀ/ਗਰੀਬੀ ਵਿੱਚ ਪਾੜਾ ਵਧ ਰਿਹਾ ਹੈ ਅਤੇ ਥੁੜ੍ਹਾਂ ਦੇ ਸ਼ਿਕਾਰ ਗਰੀਬ ਲੋਕਾਂ ਤੋਂ ਸਿੱਖਿਆ ਜਿਹੀ ਬੁਨਿਆਦੀ ਸਹੂਲਤ ਵੀ ਖੋਹੀ ਜਾ ਰਹੀ ਹੈ। ਹਾਜ਼ਰ ਮਾਪਿਆਂ ਤੋਂ ਮੰਗ ਵੀ ਕੀਤੀ ਗਈ, ਕਿ ਉਹ ਘਰਾਂ ਵਿੱਚ ਆਪੋ-ਆਪਣੇ ਬੱਚਿਆਂ ਦੀ ਪਹਿਰੇਦਾਰੀ ਕਰਨ। ਚੁਣੇ ਗਿਆਂ ਵਿੱਚ ਸੰਸਥਾ ਦੁਆਲੇ ਦੇ ਪਿੰਡਾਂ ਸਿਹਾਲਾ, ਟੋਡਰਪੁਰ, ਸੰਧੂਆਂ, ਕਤਲੌਰ, ਬਸੀ ਗੁੱਜਰਾਂ, ਕੰਧੋਲਾ, ਕੀੜੀ ਅਫਗਾਨਾਂ ਅਤੇ ਬਰਮਾ ਪਿੰਡਾਂ ਦੇ ਵਿਦਿਆਰਥੀ ਸਨ, ਚੋਣ ਉਪਰੰਤ ਜਿਨ੍ਹਾਂ ਨੂੰ ਸਟਾਫ ਮੈਂਬਰਾਂ ਦੇ ਰੂਪ ਵਿੱਚ ਸੰਸਥਾ ਨੇ ਰਸਮੀਂ ਤੌਰ ’ਤੇ ਗਲ਼ ਲਾਇਆ। ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਇਸ ਮੌਕੇ ’ਤੇ ਬੇਅੰਤ ਕੌਰ, ਵੀਰਇੰਦਰ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਸ਼ਾਮਲ ਸਨ।