Go Back
12
Apr
2024

Free medical camp organized by Mera Pind 360 center

Type : Acitivity



‘ਮੇਰਾ ਪਿੰਡ 360’ ਕੇਂਦਰ ਵੱਲੋਂ ਲਾਇਆ ਗਿਆ ਮੁਫਤ ਮੈਡੀਕਲ ਕੈਂਪ





ਖਾਲਸਾ ਏਡ ਇੰਟਰਨੈਸ਼ਨਲ ਅਤੇ ਫਰੈਂਡਜ ਆਫ ਪੰਜਾਬ ਫਾਂਊਂਡੇਸ਼ਨ ਦੇ ਸਹਿਯੋਗ ਨਾਲ, ਸ. ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ, ਮਿਸ਼ਨਰੀ ਸੇਵਾ ਕੇਂਦਰ ‘ਮੇਰਾ ਪਿੰਡ 360’ ਵੱਲੋਂ, ਸਿੱਖਿਆ-ਸੰਸਥਾਵਾਂ ਵਿਖੇ, ਮੁਫਤ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਹਸਪਤਾਲ ਤੋਂ ਬਾਹਰਲੀਆਂ ਸਿਹਤ ਸੇਵਾਵਾਂ ਦੀ ਇੰਚਾਰਜ਼ ਮੈਡਮ ਅਰਚਨਾ ਕੌੜਾ ਦੀ ਅਗਵਾਈ ਵਿੱਚ, ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਦੇ ਮਾਹਿਰ ਡਾਕਟਰਾਂ ਨੇ 122 ਮਰੀਜ਼ਾਂ ਦੀ ਜਾਂਚ ਕੀਤੀ। ਆਏ ਮਰੀਜ਼ਾਂ ਦਾ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ, ਉਪਰੰਤ ਡਾ. ਗਗਨਦੀਪ ਸਿੰਘ ਗਰੇਵਾਲ (ਐੱਮ ਡੀ ਮੈਡੀਸਨ), ਡਾ. ਹਿਤੇਸ਼ ਗੌੜ (ਛਾਤੀ ਰੋਗ ਮਾਹਿਰ), ਡਾ. ਸ਼ੀਤਲ (ਔਰਤ ਰੋਗਾਂ ਦੀ ਮਾਹਿਰ) ਅਤੇ ਬਾਲ ਰੋਗਾਂ ਦੇ ਮਾਹਿਰ ਡਾ. ਪੰਕਜ ਜੈਨ ਨੇ ਹਰ ਮਰੀਜ਼ ਨੂੰ ਰੋਗ-ਰਹਿਤ ਕਰਨ ਲਈ ਦਵਾਈਆਂ ਲਿਖੀਆਂ। ਇਸ ਮੌਕੇ ’ਤੇ ਡਾਕਟਰਾਂ ਨੇ ਹਮੇਸ਼ਾਂ ਰੋਗ-ਰਹਿਤ ਰਹਿਣ ਲਈ ਮਰੀਜ਼ਾਂ ਨੂੰ ਆਪਣੀ ਜੀਵਨ-ਸ਼ੈਲੀ ਵਿੱਚ ਸਿਫਤੀ ਤਬਦੀਲੀਆਂ ਲਿਆਉਣ ਲਈ ਪ੍ਰੇਰਿਆ। ਇਸ ਕੈਂਪ ਵਿੱਚ ਦੁਆਲੇ ਦੇ ਪਿੰਡਾਂ ਦੇ ਮਰੀਜ਼ਾਂ ਤੋਂ ਇਲਾਵਾ ਸੰਸਥਾਵਾਂ ਦੇ ਸਟਾਫ ਮੈਂਬਰਾਂ, ਵਿਦਿਆਰਥੀਆਂ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਮਿਹਨਤੀ ਲੋਕ ਸ਼ਾਮਲ ਹੋਏ। ਡਾਕਟਰਾਂ ਅਨੁਸਾਰ ਬਾਜ਼ਾਰੂ ਪਕਵਾਨਾ, ਜੰਕ ਫੂਡ, ਤਲੀਆਂ ਹੋਈਆਂ ਅਤੇ ਮਿੱਠੀਆਂ ਵਸਤਾਂ ਤੋਂ ਪ੍ਰਹੇਜ਼ ਕੀਤਾ ਜਾਵੇ। ਦੱਸਿਆ ਗਿਆ ਕਿ ਹਰ ਕਿਸਮ ਦਾ ਨਸ਼ਾ ਹਾਨੀਕਾਰਕ ਹੈ, ਜਿਸ ਨਾਲ ਕੈਂਸਰ ਜਿਹੇ ਘਾਤਕ ਰੋਗ ਲੱਗਦੇ ਹਨ, ਜ਼ਿੰਦਗੀ ਦਾਅ ’ਤੇ ਲੱਗਦੀ ਹੈ ਅਤੇ ਪਰਿਵਾਰ ਮੰਦਹਾਲੀ ਦਾ ਸ਼ਿਕਾਰ ਹੁੰਦੇ ਹਨ। ਮੈਡਮ ਅਰਚਨਾ ਅਨੁਸਾਰ ਇਨ੍ਹਾਂ ਖਿੰਡਾਅ ਭਰੇ ਸਮਿਆਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਮਾਨਸਿਕ ਪੱਧਰ ’ਤੇ ਵੀ ਅਗਵਾਈ ਕਰਨੀ ਵੀ ਬਹੁਤ ਜ਼ਰੂਰੀ ਹੈ, ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੇ ਚਿਹਰੇ ਪੜ੍ਹਨ ਦਾ ਹੁੰਨਰ ਸਿੱਖਣ ਅਤੇ ਲੋੜ ਪੈਣ ’ਤੇ ਸਬੰਧਤ ਵਿਦਿਆਰਥੀ ਨੂੰ ਵਿਅਕਤੀਗਤ ਛੋਹ ਦੇਣ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਨੁਸਾਰ, ਪਿੰਡਾਂ ਦੇ ਬਹੁਤੇ ਲੋਕ, ਖਾਣ ਪੀਣ ਅਤੇ ਸਿਹਤ ਦੇ ਮਾਮਲੇ ਵਿੱਚ ਸੁਚੇਤ ਨਹੀਂ ਹਨ ਅਤੇ ਇਹ ਸਿੱਖਿਆ-ਸੰਸਥਾਵਾਂ ਦੁਆਲੇ ਦੇ ਲੋਕਾਂ ਦੀ ਸਿਹਤ ਅਗਵਾਈ ਵੀ ਕਰਨਗੀਆਂ। ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਅਨੁਸਾਰ ਕਿ ਸਿੱਖਿਆ ਦੇ ਇੱਕ ਅਹਿਮ ਹਿੱਸੇ ਵਜੋਂ ਉਹ, ਸਿਹਤ ਸਿੱਖਿਆ ਨੂੰ ਵੀ ਸਕੂਲਾਂ ਦੀ ਰੋਜ਼ਾਨਾ ਸਰਗਰਮੀ ਦਾ ਹਿੱਸਾ ਬਣਾਉਣਗੀਆਂ। ਇਸ ਕੈਂਪ ਵਿੱਚ ਪ੍ਰਾਇਮਰੀ ਵਿੰਗ ਦੀ ਇੰਚਾਰਜ਼ ਬੇਅੰਤ ਕੌਰ, ਜਤਿੰਦਰ ਸਿੰਘ, ਰਮਨਦੀਪ ਸਿੰਘ, ਗਗਨਦੀਪ ਕੌਰ, ਇੰਦਰਵੀਰ ਸਿੰਘ, ਸਰਬਜੀਤ ਸਿੰਘ, ਦਲਜੀਤ ਕੌਰ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਰੂਪ ਸਿੰਘ, ਮੋਹਣ ਸਿੰਘ, ਸਿਮਰਨਜੀਤ ਕੌਰ, ਅਮਰ ਸਿੰਘ, ਮਨਜੀਤ ਕੌਰ ਆਦਿ ਸ਼ਾਮਲ ਸਨ।

‘ਮੇਰਾ ਪਿੰਡ 360’ ਕੇਂਦਰ ਵੱਲੋਂ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ ਲਾਏ ਗਏ ਮੈਡੀਕਲ ਕੈਂਪ ਦਾ ਦ੍ਰਿਸ਼ ਅਤੇ ਪ੍ਰਬੰਧਕਾਂ ਨਾਲ ਖੜ੍ਹੇ ਡਾਕਟਰ