Go Back
06
Nov
2024

Our Old-Gold - Our Guest

Type : Acitivity





ਤਸਵੀਰਃ ਡਾ: ਮਨਪ੍ਰੀਤ ਕੋਰ ਵੱਲੋਂ ਦਰਜ ਅਨੁਭਵਾਂ ਦੀ ਹੈ।

ਜਦੋਂ ਸ਼ਗਿਰਦ, ਪ੍ਰਭਾਵੀ-ਕਿਰਦਾਰ ਬਣਕੇ ਪਰਤਦੇ ਹਨ ਤਾਂ ਅਸੀਂ ਧੰਨ ਹੋ ਜਾਂਦੇ ਹਾਂ:

4 ਨਵੰਬਰ 2024, 12.30 ਦਾ ਸਮਾਂ। ਤੈਅ ਹੋਏ ਅਨੁਸਾਰ ਸਾਡੇ ਕੋਲ (ਨਰਸਰੀ ਤੋਂ +2 ਤੱਕ ਪੜ੍ਹਦਾ ਰਿਹਾ, ਤੇਜਿੰਦਰਜੀਤ ਸਿੰਘ, ਜੋ ਇਸ ਸਮੇਂ ਬਾਬਾ ਬੰਦਾ ਸਿੰਘ ਇੰਜ: ਕਾਲਜ ਫਤਿਹਗੜ੍ਹ ਸਾਹਿਬ ਵਿੱਚ ਸੇਵਾਵਾਂ ਨਿਭਾਉਂਦਾ ਹੈ) ਜੋ ਖੁਦ ਡਾਕਟ੍ਰੇਟ ਡਿਗਰੀ ਕਰ ਰਿਹਾ ਹੈ, ਨੇ ਸਾਡੀ ਸੰਸਥਾ ਵਿੱਚ ਕਾਲਜ ਵੱਲੋਂ ‘ਕਿੱਤਾ ਅਗਵਾਈ ਸੈਮੀਨਾਰ’ ਕਰਾਉਣਾ ਮਿਥਿਆ ਹੋਇਆ ਸੀ। ਉਸ ਨਾਲ ਇੱਕ ਹੋਰ ਚਿਹਰਾ ਸੀ, ਜਿਸਨੂੰ ਮੈਂ ਸੌਖਿਆਂ ਹੀ ਪਹਿਚਾਣ ਲਿਆ। ਇਹ ਮਨਪ੍ਰੀਤ ਕੌਰ ਸੀ, ਜਿਸਨੇ ਮਾਰਚ 2001 ਵਿੱਚ ਸਾਡੇ ਕੋਲ +2 ਨਾਨ-ਮੈਡੀਕਲ ਦੀ ਪ੍ਰੀਖਿਆ ਦਿੱਤੀ ਸੀ। ਇਹ ਹੋਣਹਾਰ ਪ੍ਰੀਤਿਭਾ ਉਸ ਸਮੇਂ, ਕਲਾਸ ਵਿੱਚੋਂ 85.33 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ ਸੀ।

ਉਸ ਸਮੇਂ 13 ਦਸੰਬਰ 2002 ਨੂੰ ਸੰਸਥਾ ਦੇ ਇੱਕ ਬਲਾਕ ਵਿੱਚ ਉਸਾਰੇ ਜਾ ਰਹੇ 5 ਕਮਰਿਆਂ ਦਾ ਨੀਂਹ-ਪੱਥਰ ਵੀ ਮਨਪ੍ਰੀਤ ਕੌਰ ਵੱਲੋਂ ਰਖਵਾਇਆ ਗਿਆ ਸੀ। ਇਹ ਉਹ ਸਮਾਂ ਵੀ ਸੀ, ਜਦੋਂ ਅਸੀਂ ਮੈਨੇਜਮੈਂਟ ਕਮੇਟੀ ਵਾਲੇ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਹੀਰਿਆਂ ਨੂੰ ਲੱਭਿਆ ਕਰਦੇ ਸਾਂ। ਇਹ ਪ੍ਰਤਿਭਾ ਸਾਨੂੰ, ਨਜ਼ਦੀਕੀ ਪਿੰਡ ਬਦੇਸ਼ ਕਲਾਂ ਤੋਂ ਮਿਲੀ ਸੀ।

22 ਸਾਲ ਤੋਂ ਬਾਅਦ, ਉਸਦੀ ਇਸ ਮੁਬਾਰਕ-ਆਮਦ ਨਾਲ ਅਸੀਂ ਧੰਨ ਹੋ ਗਏ ਸਾਂ। ਖੁਸ਼ੀ ਬਿਆਨ ਤੋਂ ਬਾਹਰ ਹੋ ਜਾਂਦੀ ਹੈ, ਜਦੋਂ ਸਾਡੇ ਸ਼ਗਿਰਦ ‘ਪ੍ਰਭਾਵੀ-ਕਿਰਦਾਰ’ ਬਣਕੇ ਮਿਲ ਰਹੇ ਹੁੰਦੇ ਹਨ। ਸੈਮੀਨਾਰ ਸਮੇਂ ਮੈਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨਾਲ, ਉਸ ਸਮੇਂ ਦਾ ਵਰਨਣ ਕੀਤਾ, ਜਦੋਂ ਮੁੱਢ ਵਿੱਚ ਇਹ ਪੇਂਡੂ ਸੰਸਥਾ ਆਪਣੇ ਲਾਂਘੇ ਭੰਨ ਰਹੀ ਸੀ, ਜਦੋਂ ਵਿਦਿਆਰਥੀਆਂ ਦੇ ਸਿਰਾਂ ਨੂੰ ਆਈ-ਲੈਟਸ ਕਰਕੇ, ਵਿਦੇਸ਼ ਜਾਣ ਦੇ ਲਕਵੇ ਨੇ ਨਹੀਂ ਸੀ ਮਾਰਿਆ। ਉਸ ਸਮੇਂ ਵਿਦਿਆਰਥੀ, ਜ਼ਿੰਦਗੀ ਦੇ ਟੀਚੇ ਮਿਥਿਆ ਕਰਦੇ ਸਨ। ਇਹ ਉਨ੍ਹਾਂ ਖਿੰਡਾਅ-ਰਹਿਤ ਸਮਿਆਂ ਦਾ ਹੀ ਵਰਦਾਨ ਸੀ, ਕਿ ਮਨਪ੍ਰੀਤ ਕੌਰ, ਡਾਕਟ੍ਰੇਟ ਦੀ ਡਿਗਰੀ ਹਾਸਲ ਕਰਕੇ, ਡਾ: ਮਨਪ੍ਰੀਤ ਕੌਰ ਵਜੋਂ ਆਪਣੀ ਪ੍ਰਭਾਵੀ-ਪਹਿਚਾਣ ਬਣਾ ਕੇ ਆਈ ਸੀ।

ਇਸ ਮੌਕੇ ’ਤੇ ਡਾ: ਮਨਪ੍ਰੀਤ ਕੌਰ ਨੇ ਵੀ ਆਪਣੇ ਪੜ੍ਹਨ ਸਮੇਂ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਟੀਚਾ ਮਿੱਥ ਕੇ ਪੜ੍ਹਨ ਲਈ ਪ੍ਰੇਰਿਆ ਸੀ।