Go Back
23
Apr
2025

Kang Memorial Educational Institutions celebrated Earth Day

Type : Acitivity



ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਨੇ ਧਰਤ ਦਿਵਸ ਮਨਾਇਆ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ‘ਧਰਤ-ਦਿਵਸ’ ਮਨਾਏ ਜਾਣ ਸਮੇਂ, ਵਿਸ਼ੇ ਸਬੰਧੀ ਸਕਿੱਟ ਪੇਸ਼ ਕਰਨ ਵਾਲੇ ਵਿਦਿਆਰਥੀ

"ਧਰਤੀ ਦੀ ਵਡਿਆਈ ਅਕੱਥ ਹੈ, ਕਈ ਕਰੋੜ ਵਰਿ੍ਹਆਂ ਦੀ ਉਮਰ ਵਾਲੀ ਇਸ ਧਰਤੀ ਦੇ ਕਣ ਕਣ ਨੂੰ ਸਿਰਜਣਾ ਦਾ ਵਰਦਾਨ ਪ੍ਰਾਪਤ ਹੈ, ਇਹ ਵਣਾਂ ਅਤੇ ਪ੍ਰਾਣੀਆਂ ਦੀ ਜਨਮਦਾਤੀ ਹੈ ਅਤੇ ਮਨੁੱਖੀ-ਸਮਾਜ ਦੇ ਅਦਬ ਦੀ ਅਸਲੀ ਹੱਕਦਾਰ, ਮਹਾਂ-ਮਾਤਾ ਹੈ।"

ਇਹ ਵਿਚਾਰ ਵਿੱਦਿਅਕ-ਚਿੰਤਕ ਅਤੇ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਪ੍ਰਗਟ ਕੀਤੇ। ਉਹ ਸੰਸਥਾਵਾਂ ਵਿਖੇ ‘ਧਰਤ-ਦਿਵਸ’ ਮਨਾਏ ਜਾਣ ਸਮੇਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਭ ਨੂੰ ਧਰਤੀ, ਇਸਦੇ ਸੋਮਿਆਂ ਅਤੇ ਇਸਦੀ ਪ੍ਰਕਿਰਤੀ ਪ੍ਰਤੀ ਬਣਦੇ ਫ਼ਰਜ਼ ਨਿਭਾਉਣ ਲਈ ਪ੍ਰੇਰਿਆ। ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਪੇਸ਼ਕਾਰੀ ਵਿੱਚ, ਰੁੱਖਾਂ ਦੀ ਜੀਵਨ-ਦਾਤੀ ਮਹੱਤਤਾ ਬਾਰੇ ਦੱਸਿਆ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੱਤਾ। ਅਧਿਆਪਕਾ ਮਨਪ੍ਰੀਤ ਕੌਰ ਨੇ ਆਪਣੇ ਗੀਤ ਵਿੱਚ, ਰੁੱਖਾਂ ਦੀ ਕਟਾਈ ਨੂੰ ਨਿਰਉਤਸ਼ਾਹਿਤ ਕੀਤਾ। ਜੀਵ-ਵਿਗਿਆਨ ਦੀ ਲੈਕਚਰਾਰ ਬੇਅੰਤ ਕੌਰ ਨੇ ਦੱਸਿਆ ਕਿ ਸਾਡੀ ਇਸ ਧਰਤੀ ਦੀ ਉਤਪਤੀ ਕਿਵੇਂ ਹੋਈ ਅਤੇ ਇਸ ’ਤੇ ਵੱਖ ਵੱਖ ਯੁੱਗ ਕਿਵੇਂ ਆਏ, ਕਿਵੇਂ ਡੂੰਘੇ ਸਾਗਰ, ਪਰਬਤ, ਪਠਾਰਾਂ, ਵਣ ਅਤੇ ਪ੍ਰਾਣੀ ਹੋਂਦ ਵਿੱਚ ਆਏ, ਕਿਵੇਂ ਬਾਂਦਰਾਂ ਦੀ ਇੱਕ ਪ੍ਰਜਾਤੀ ਤੋਂ ਮਨੁੱਖ ਬਣਨ ਦਾ ਸਫਰ ਸ਼ੁਰੂ ਹੋਇਆ। ਪ੍ਰਿੰਸੀਪਲ ਅਮਨਦੀਪ ਕੌਰ ਨੇ ਇਸ ਧਰਤੀ ’ਤੇ ਪੈਦਾ ਹੋਏ ਮਨੁੱਖੀ-ਜੀਵਨ ਦੀ ਵਡਿਆਈ ਦਾ ਜ਼ਿਕਰ ਕੀਤਾ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ਸਾਨੂੰ ਹਰੇਕ ਨੂੰ, ਆਪਣੇ-ਆਪ ਨੂੰ ਕੁਦਰਤ ਦਾ ਦੂਤ ਸਮਝਣਾ ਚਾਹੀਦਾ ਹੈ ਅਤੇ ਧਰਤੀ ਪ੍ਰਤੀ ਬਣਦੇ ਫ਼ਰਜਾਂ ’ਤੇ ਹਰ ਸਮੇਂ ਪਹਿਰੇਦਾਰੀ ਕਰਦੇ ਰਹਿਣਾ ਚਾਹੀਦਾ ਹੈ। ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਕਿਹਾ ਕਿ ਧਰਤੀ ਪ੍ਰਤੀ ਮੁਢਲੇ ਫ਼ਰਜ਼ ਦੀ ਪੂਰਤੀ, ਅਸੀਂ ਆਪੋ-ਆਪਣੀ ਸਿਹਤ ਦੀ ਪਹਿਰੇਦਾਰੀ ਕਰਕੇ ਕਰ ਸਕਦੇ ਹਾਂ। ਉਨ੍ਹਾਂ ਬਾਜ਼ਾਰ ਦੀ ਥਾਂ, ਘਰ ਦੇ ਸ਼ੁਧ-ਪਕਵਾਨਾਂ ਦਾ ਸੇਵਨ ਕਰਨ ’ਤੇ ਜ਼ੋਰ ਦਿੱਤਾ। ਧਰਤ-ਦਿਵਸ ਦੀ ਮਹੱਤਤਾ ’ਤੇ +2 ਦੀ ਅਰਸ਼ਪ੍ਰੀਤ ਕੌਰ ਅਤੇ 9ਵੀਂ ਕਲਾਸ ਦੀ ਹਰਸੀਰਤ ਕੌਰ ਨੇ ਲੇਖ ਪੜ੍ਹੇ। ਇਸ ਮੌਕੇ ’ਤੇ ਪ੍ਰਾਇਮਰੀ-ਵਿੰਗ ਦੀ ਇੰਚਾਰਜ਼ ਬੇਅੰਤ ਕੌਰ, ਕਰਨਜੋਤ ਕੌਰ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਦਲਜੀਤ ਕੌਰ, ਗਗਨਦੀਪ ਸਿੰਘ, ਮਨਜੀਤ ਕੌਰ, ਬਰਿੰਦਰ ਕੌਰ ਆਦਿ ਸਟਾਫ ਮੈਂਬਰ ਸ਼ਾਮਲ ਸਨ।