Go Back
23
Apr
2025

Tributes paid to the martyrs of Pahalgam terror attack

Type : Acitivity



ਪਹਿਲਗਾਮ ਦਹਿਸ਼ਦੀ ਹਮਲੇ ਦੇ ਮ੍ਰਿਤਕਾਂ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਦਹਿਸ਼ਤਗਰਦਾਂ ਵੱਲੋਂ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਮੋਨ ਧਾਰਕੇ ਅਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆਂ ਭੇਟ ਕੀਤੇ ਜਾਣ ਦੇ ਦ੍ਰਿਸ਼

ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿੱਚ, ਜੰਮੂ-ਕਸ਼ਮੀਰ ਦੇ ਜ਼ਿਲਾ ਅਨੰਤਨਾਗ ਅਧੀਨ ਕਸਬੇ ਪਹਿਲਗਾਮ ਦੀ ਵਾਦੀ ਵਿੱਚ, ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਮ੍ਰਿਤਕਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਅਤੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਪ੍ਰੋਜੈਕਟਰ ’ਤੇ ਘਟਨਾਂ ਨਾਲ ਸਬੰਧਤ ਵੀਡੀਓ ਵੀ ਵਿਖਾਏ ਗਏ ਅਤੇ ਘਟਨਾਵਾਂ ਦੀ ਵਿਆਖਿਆ ਕੀਤੀ ਗਈ। ਪਿ੍ਰੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਦਹਿਸ਼ਤਗਰਦੀ ਦਾ ਕੋਈ ਫਿਰਕਾ, ਕੋਈ ਜਾਤ ਅਤੇ ਕੋਈ ਧਰਮ ਨਹੀਂ ਹੁੰਦਾ, ਸਗੋਂ ਦਹਿਸ਼ਤਗਰਦ ਸਮਾਜ-ਦੋਖੀ ਤਾਕਤਾਂ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਦੇ ਹਨ, ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ, ਦਹਿਸ਼ਤ ਪੈਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮਾਨਵਤਾ ’ਤੇ ਸੰਕਟ ਦੀ ਘੜੀ ਸਮੇਂ, ਮਾਨਵੀ-ਕਿਰਦਾਰ ਵੀ ਉੱਭਰਦੇ ਹਨ। ਉਨ੍ਹਾਂ ਖਾਸ ਕਰਕੇ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇੱਕ ਦਹਿਸ਼ਤਗਰਦ ਦੀ ਬੰਦੂਕ ਖੋਹ ਲੈਣ ਸਮੇਂ, ਖ਼ੁਦ ਸ਼ਹਾਦਤ ਦਾ ਜਾਮ ਪੀਣ ਵਾਲੇ ‘ਸਈਅਦ ਆਦਿਲ ਹੂਸੈਨ ਸ਼ਾਹ’ ਦੀ ਅਤੇ ਸੂਰਬੀਰਤਾ ਦਾ ਜ਼ਿਕਰ ਕੀਤਾ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ, ਸੈਲਾਨੀਆਂ ਦੇ ਬੱਚਿਆਂ ਨੂੰ ਬਚਾਉਣ ਵਾਲੇ ‘ਸੱਜਾਦ ਅਹਿਮਦ ਭੱਟ’ ਅਤੇ 11 ਸੈਲਾਨੀਆਂ ਦੀਆਂ ਜਾਨਾਂ ਬਚਾਉਣ ਵਾਲੇ ‘ਨਜਾਕਤ ਅਹਿਮਦ ਸ਼ਾਹ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਮਝ ਨਾਲ ਜੁੜਨ ਲਈ ਪ੍ਰੇਰਿਆ, ਤਾਂ ਕਿ ਭਵਿੱਖ ਵਿੱਚ, ਕੋਈ ਵੀ ਉਨ੍ਹਾਂ ਨੂੰ ਗ਼ੁਮਰਾਹ ਨਾ ਕਰ ਸਕੇ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ ਕਿ ਵਿਸ਼ਵ ਭਰ ਦਾ ਇਤਿਹਾਸ ‘ਖਲਨਾਇਕਾਂ ਅਤੇ ਨਾਇਕਾਂ’ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ, ਸਾਨੂੰ ਹਰੇਕ ਨੂੰ ‘ਜ਼ਿੰਦਗੀ ਦੇ ਨਾਇਕ’ ਬਣੇ ਰਹਿਣ ਦਾ ਸੰਕਲਪ ਕਰਨਾ ਚਾਹੀਦਾ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਭਾਰਤ ਦੇ ਹਿੰਦੂਤਵੀ ਹਾਕਮ, ਇਸ ਘਟਨਾ ਪਿੱਛੇ ਸਮੁੱਚੇ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਰਹੇ ਹਨ, ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਹਰ ਦੇਸ, ਭਲੇ ਅਤੇ ਬੁਰੇ ਲੋਕਾਂ ਦਾ ਸਮੂਹ ਹੁੰਦਾ ਹੈ। ਦੱਸਿਆ ਗਿਆ ਕਿ ਸੈਲਾਨੀਆਂ ਦੀ ਸੁਰੱਖਿਆ ਵਿੱਚ ਰਹੀ ਕਮਜ਼ੋਰੀ ਕਾਰਨ, ਦੇਸ ਵਾਸੀਆਂ ਦੀਆਂ ਬੇਹੱਦ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੀ ਸਰਪ੍ਰਸਤ ਅਮਰੀਕਾ ਵਾਸੀ ਸ੍ਰੀਮਤੀ ਜਸਵੀਰ ਕੌਰ, ਪ੍ਰਾਇਮਰੀ-ਵਿੰਗ ਦੀ ਇੰਚਾਰਜ਼ ਬੇਅੰਤ ਕੌਰ, ਕਰਨਜੋਤ ਕੌਰ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ, ਮਨਦੀਪ ਕੌਰ, ਦਲਜੀਤ ਕੌਰ, ਗਗਨਦੀਪ ਸਿੰਘ, ਮਨਜੀਤ ਕੌਰ, ਬਰਿੰਦਰ ਕੌਰ ਆਦਿ ਸਟਾਫ ਮੈਂਬਰਾਂ ਤੋਂ ਇਲਾਵਾ ‘ਮੇਰਾ ਪਿੰਡ 360’ ਕੇਂਦਰ ਦੇ ਰਮਨਦੀਪ ਸਿੰਘ ਅਤੇ ਜੈਸਮੀਨ ਕੌਰ ਸ਼ਾਮਲ ਸਨ।