Go Back
08
May
2025

Kang Memorial Educational Institutions celebrated foundation day

Type : Acitivity



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਨੇ ਸਥਾਪਨਾ ਦਿਵਸ ਮਨਾਇਆ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਦੇ ਸਥਾਪਨਾ ਸਮਾਰੋਹ ਸਮੇਂ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ, ਮੁਫ਼ਤ-ਸਿੱਖਿਆ ਲਈ ਅਪਣਾਏ ਜਾਣ ਸਮੇਂ ਦਾ ਦ੍ਰਿਸ਼

"ਪੇਂਡੂ ਸਿੱਖਿਆ ਦੇ ਜਿਸ ਫ਼ਿਕਰ ਦੀ ਬਦੌਲਤ, ਸਿਰਫ਼ 34 ਵਿਦਿਆਰਥੀਆਂ ਨਾਲ, 7 ਮਈ 1997 ਨੂੰ, ਇੱਕ ਆਰਜੀ-ਇਮਾਰਤ ਵਿੱਚ, ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ, ਉਹ ਫਿਕਰ ਲਗਾਤਾਰ ਸਾਡੀ ਕਾਰਜ-ਸ਼ੈਲੀ ਦਾ ਹਿੱਸਾ ਬਣਿਆ ਹੋਇਆ ਹੈ। ਸਵਾਰਥ-ਰਹਿਤ ਅਤੇ ਮਿਸ਼ਨਰੀ-ਖਾਸੇ ਦੀ ਬਦੌਲਤ, ਦੇਸ਼/ਵਿਦੇਸ਼ ਦੇ ਸੈਕੜੇ ਹੀ ਸਮਰੱਥ-ਮਿਹਰਬਾਨਾਂ ਨੇ, ਇਸਦੀ ਝੋਲ 3 ਏਕੜ ਜ਼ਮੀਨ, ਸ਼ਾਨਦਾਰ ਇਮਾਰਤਾਂ, ਸਾਜੋ-ਸਮਾਨ, ਬੱਸਾਂ ਅਤੇ ਹੋਰ ਪਦਾਰਥਕ ਲੋੜਾਂ ਨਾਲ ਭਰ ਦਿੱਤੀ ਹੈ।" ਇਹ ਸੰਬੋਧਨੀ-ਸ਼ਬਦ ਵਿੱਦਿਅਕ-ਚਿੰਤਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਅਧਿਆਪਕ ਅਤੇ ਮੇਜ਼ਬਾਨ ਸਿੱਖਿਆ-ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ: ਕੁਲਦੀਪ ਸਿੰਘ ਨੇ ਪ੍ਰਗਟ ਕੀਤੇ।

ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ, ਦੇ 28 ਵੇਂ ਸਥਾਪਨਾ ਦਿਵਸ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2024 ਤੋਂ, ਬਹੁ-ਕਰੋੜੀ ਲਾਗਤ ਨਾਲ ਬਣੀ ਇਮਾਰਤ ਵਿੱਚ, ਕੇਂਦਰੀ ਬੋਰਡ ਦਾ ‘ਡਰੀਮਲੈਂਡ ਪਬਲਿਕ ਸਕੂਲ’ ਵੀ ਜਨਮ ਲੈ ਚੁੱਕਾ ਹੈ। ਪ੍ਰਬੰਧਕੀ ਕਮੇਟੀ ਮੈਂਬਰ ਅਤੇ ਫਿਲਮ-ਜਗਤ ਦੀ ਪ੍ਰਸਿੱਧ-ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਸੰਸਥਾਵਾਂ ਦੇ ਮਿਸ਼ਨਰੀ ਖ਼ਾਸੇ ਕਾਰਨ, ਅਨੇਕਾਂ ਵਿਦਿਆਰਥੀ ਆਪਣੀਆਂ ਤਕਦੀਰਾਂ ਬਦਲ ਚੁੱਕੇ ਹਨ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਕਿਹਾ ਕਿ ਹੁਣ ਇਹ ਸੰਸਥਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹਾਇਕਾਂ ਦਾ ਕਾਫ਼ਲਾ ਹੈ। ਉਨ੍ਹਾਂ ਸੰਕਲਪ ਕੀਤਾ, ਕਿ ਉਹ ਸਹਿਯੋਗੀ ਸਟਾਫ ਨਾਲ, ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ, ਸਮਝ ਨਾਲ ਜੋੜਦੀਆਂ ਅਤੇ ਉਨ੍ਹਾਂ ਨੂੰ ਭਵਿੱਖ ਦੇ ਇਨਸਾਨ ਬਣਾਉਣ ਲਈ ਹਰ ਯਤਨ ਕਰਦੀਆਂ ਰਹਿਣਗੀਆਂ। ਸੀਨੀਅਰ ਸਟਾਫ਼ ਮੈਂਬਰ ਸ੍ਰੀਮਤੀ ਬੇਅੰਤ ਕੌਰ ਨੇ ਮਾਣ ਕੀਤਾ ਕਿ ਉਨ੍ਹਾਂ ਨੇ ਪੇਂਡੂ-ਵਿੱਦਿਆ ਦੇ ਇਸ ਫਿਕਰ ਨੂੰ, ਭਰੂਣ ਤੋਂ ਫ਼ਲਦਾਰ ਬਿਰਖ ਬਣਦੇ ਵੇਖਿਆ ਹੈ ਅਤੇ ਇਸ ਧਰਤੀ ਦੇ ਔਰੇ ਕਾਰਨ ਹੀ, ਉਸਨੇ ਆਪਣੀ ਨਿੱਕੀ-ਯੋਗਤਾ ਨੂੰ, ਮਾਸਟਰ ਡਿਗਰੀ ਤੱਕ ਦੇ ਖੰਭ ਲਾਏ ਹਨ। ਬਹੁਮੰਤਵੀ-ਹਾਲ ਵਿੱਚ ਵਿਦੇਸ਼ ਗਏ ਸੰਸਥਾ ਦੇ ਬਾਨੀ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਸੰਸਥਾ ਤੋਂ ਪੜ੍ਹਕੇ ਅਮਰੀਕਾ ਵਿੱਚ ਰਹਿ ਰਹੇ ਵਿਗਿਆਨੀ ਡਾ: ਕਰਨਵੀਰ ਸੈਣੀ ਦਾ ਸੰਦੇਸ਼ ਸੁਣਾਇਆ ਗਿਆ। ਜਸਵੀਰ ਗਿੱਲ ਦੀ ਅਗਵਾਈ ਵਿੱਚ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ। ਵਿਦਿਆਰਥੀਆਂ ਨੇ ਕਲਾ-ਵੰਨਗੀਆਂ ਪੇਸ਼ ਕੀਤੀਆਂ। ਇਸ ਸ਼ੈਸ਼ਨ ਤੋਂ ਉਚੇਰੀ ਅਤੇ ਮੁਫਤ ਸਿੱਖਿਆ ਲਈ 20 ਵਿਦਿਆਰਥੀਆਂ ਨੂੰ ਅਪਣਾਇਆ ਗਿਆ ਅਤੇ ਸਭ ਨੂੰ ਲੱਡੂ ਵੰਡੇ ਗਏ । ਇਸ ਮੌਕੇ ’ਤੇ ਅਮਰੀਕਾ ਨਿਵਾਸੀ ਜਸਵੀਰ ਕੌਰ, ਚੌਧਰੀ ਤੀਰਥ ਰਾਮ, ਰਮਨਪ੍ਰੀਤ ਕੌਰ, ਜੈਸਮੀਨ ਕੌਰ, ਬੇਅੰਤ ਕੌਰ, ਕਿਰਨਜੋਤ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਕਰਨਜੋਤ ਕੌਰ, ਦਲਜੀਤ ਕੌਰ, ਗਗਨਦੀਪ ਸਿੰਘ, ਰਮਨਦੀਪ ਸਿੰਘ, ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ, ਨਰਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।