Go Back
20
Jul
2025

Students under the guidance of the profession were motivated to become Chartered Accountants.

Type : Acitivity



ਕਿੱਤਾ ਅਗਵਾਈ ਅਧੀਨ ਵਿਦਿਆਰਥੀਆਂ ਨੂੰ ਚਾਰਟਰਡ ਅਕਾਂਊਂਟੈਂਟ ਬਣਨ ਲਈ ਪ੍ਰੇਰਿਆ



ਕੰਗ ਯਾਦਗਾਰੀ ਸੰਸਥਾਵਾਂ ਬਸੀ ਗੁੱਜਰਾਂ ਵਿਖੇ ਕਿੱਤਾਮੁਖੀ ਭਾਸ਼ਣ ਉਪਰੰਤ ਸੀ ਏ ਸ੍ਰੀ ਰਾਜੀਵ ਕੌਸ਼ਲ ਜੀ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼


‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਦੇ ਵਿਦਿਆਰਥੀਆਂ ਲਈ ਕਿੱਤਾ ਅਗਵਾਈ ਅਧੀਨ ‘ਕਿਵੇਂ ਬਣਿਆਂ ਜਾਵੇ ਚਾਰਟਰਡ ਅਕਾਂਊਂਟੈਂਟ?’ ਵਿਸ਼ੇ ’ਤੇ ਭਾਸ਼ਣ ਕਰਾਇਆ ਗਿਆ। ਇਸ ਮੌਕੇ ’ਤੇ ਲੁਧਿਆਣਾ ਦੇ ਪ੍ਰਸਿੱਧ ਚਾਰਟਰਡ ਅਕਾਂਊਂਟੈਂਟ ਸ੍ਰੀ ਰਾਜੀਵ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚਾਰਟਰਡ ਅਕਾਂਊਂਟੈਂਟ ਬਣਨਾ ਇੱਕ ਬਹੁਤ ਹੀ ਵਕਾਰੀ ਕਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਗਣਿਤ ਵਿੱਚ ਦਿਲਚਸਪੀ ਲੈਂਦੇ ਹਨ, ਮਿਹਨਤੀ ਅਤੇ ਇਕਾਗਰਮਨ ਹੁੰਦੇ ਹਨ, ਵਿਤੀ-ਕਾਨੂੰਨਾਂ ਅਤੇ ਟੈਕਸ-ਪ੍ਰਣਾਲੀ ਵਿੱਚ ਰੁਚੀ ਲੈਂਦੇ ਹਨ, ਮੁਨਾਫ਼ਾ ਅਤੇ ਨੁਕਸਾਨ ਦਾ ਅਗਾਊਂ ਖਿਆਲ ਰੱਖਣ ਵਾਲੇ ਹੁੰਦੇ ਹਨ, ਜਿਹੜੇ ਜ਼ੁੰਮੇਂਵਾਰ ਅਤੇ ਇਮਾਨਦਾਰ ਹੁੰਦੇ ਹਨ, ਵਿਸ਼ਲੇਸ਼ਣਾਤਮਿਕ ਹੁੰਦੇ ਹਨ ਅਤੇ ਸਿੱਖਣ ਦੀ ਜਗਿਆਸਾ ਰੱਖਦੇ ਹਨ, ਉਹ ਮੈਟ੍ਰਿਕ ਤੋਂ ਬਾਅਦ ਕਾਮਰਸ ਵਿਸ਼ੇ ਪੜ੍ਹ ਕੇ, ਚਾਰਟਰਡ ਅਕਾਂਊਂਟੈਂਟ ਬਣਨ ਦਾ ਪੰਧ ਅਪਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਸੀ ਏ ਵਿਤੀ ਕੰਪਨੀਆਂ, ਵਿਭਾਗਾਂ ਆਦਿ ਦਾ ਲੇਖਾਕਾਰ ਅਤੇ ਸਲਾਹਕਾਰ ਹੁੰਦਾ ਹੈ, ਸਾਲਾਨਾ ਵਿਤੀ ਰਿਪੋਰਟ ਤਿਆਰ ਕਰਦਾ ਹੈ, ਟੈਕਸ ਸਲਾਹਕਾਰ ਹੁੰਦਾ ਹੈ, ਆਪਣੀ ਸੇਵਾ ਦੇ ਅਦਾਰਿਆਂ ਵਿੱਚ ਸਮੇਂ ਸਮੇਂ ਤਬਦੀਲ ਹੁੰਦੇ ਵਿਤੀ ਕਾਨੂੰਨ ਲਾਗੂ ਕਰਾਉਂਦਾ ਹੈ। ਵੱਖ ਵੱਖ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਿਲਚਸਪੀ ਅਤੇ ਮਿਹਨਤ ਦੁਆਰਾ ਹਾਸਲ ਕੀਤੀ ਇਹ ਡਿਗਰੀ, ਸਬੰਧਤ ਲਈ ਰੁਜ਼ਗਾਰ ਹੀ ਨਹੀਂ ਬਣਦੀ, ਸਗੋਂ ਉਹ ਰੁਜ਼ਗਾਰਦਾਤਾ ਬਣਨ ਦੀ ਕਾਬਲੀਅਤ ਵਾਲਾ ਹੁੰਦਾ ਹੈ, ਖੁਦ ਦਾ ਦਫਤਰ ਖੋਲ੍ਹ ਕੇ, ਖ਼ੁਦਦਾਰ-ਸੇਵਾਵਾਂ ਦੇ ਸਕਦਾ ਹੈ। ਉਨ੍ਹਾਂ ਨੇ ਸਿੱਖਿਆ ਦੇਣ ਵਾਲੀਆਂ ਵਕਾਰੀ ਵਿੱਦਿਅਕ-ਸੰਸਥਾਵਾਂ ਦਾ, ਫੀਸਾਂ ਦਾ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੀਆਂ ਮਿਸ਼ਨਰੀ-ਸੰਸਥਾਵਾਂ ਦਾ ਵੇਰਵਾ ਵੀ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ, ਕਿ ਜਿਹੜੇ ਵਿਦਿਆਰਥੀ ਟੀਚਾ ਮਿਥ ਕੇ ਪੜ੍ਹਨਗੇ, ਸਫ਼ਲਤਾ ਉਨ੍ਹਾਂ ਲਈ ਵਰਦਾਨ ਬਣੇਗੀ। ਇਸ ਮੌਕੇ ’ਤੇ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਕਿਹਾ ਕਿ ਕਾਮਰਸ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਚਾਹੀਦਾ ਹੈ, ਕਿ ਉਹ ਅਰਥ ਸ਼ਾਸ਼ਤਰ, ਵਪਾਰਕ ਗਣਿਤ, ਕੰਪਿਊਟਰ, ਅੰਗਰੇਜ਼ੀ, ਪੰਜਾਬੀ ਵਿਸ਼ਿਆਂ ਨੂੰ ਬਣਦਾ ਸਥਾਨ ਦੇਣ, ਸਵੈ- ਪ੍ਰਗਟਾਵੇ ਦਾ ਹੁੰਨਰ ਸਿੱਖਣ ਅਤੇ ਲਗਾਤਾਰ ਆਪਣੇ ਆਮ-ਗਿਆਨ ਵਿੱਚ ਵਾਧਾ ਕਰਦੇ ਰਹਿਣ। ਡਰੀਮਲੈਂਡ ਪਬਲਿਕ ਸਕੂਲ ਦੀ ਵਾਈਸ ਪ੍ਰਿੰਸੀਪਲ ਮਨਦੀਪ ਕੌਰ ਨੇ ਵਿਸ਼ਾ-ਮਾਹਿਰ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ, ਕਿ ਉਨ੍ਹਾਂ ਵੱਲੋਂ ਦਿੱਤੀ ਅਗਵਾਈ, ਸੰਸਥਾ ਦੇ ਵਿਦਿਆਰਥੀਆਂ ਲਈ ਬੇਹੱਦ ਸਹਾਈ ਹੋਵੇਗੀ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਕਰਨਜੋਤ ਕੌਰ, ਰਵੀ ਸ਼ਰਮਾ, ਬੇਅੰਤ ਕੌਰ, ਵਰਿੰਦਰ ਕੌਰ, ਨਰਿੰਦਰ ਸਿੰਘ, ਗਗਨਦੀਪ ਕੌਰ, ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ ਆਦਿ ਸ਼ਾਮਲ ਸਨ।