Go Back
06
Aug
2025

Hiroshima tragedy commemorated during special gathering

Type : Acitivity



ਵਿਸ਼ੇਸ਼ ਇਕੱਤਰਤਾ ਦੌਰਾਨ ਹੀਰੋਸ਼ੀਮਾਂ ਦੁਖਾਂਤ ਦੀ ਯਾਦ ਮਨਾਈ



ਸ: ਗਰਦੇਵ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਵਿਦਿਆਰਥੀ, ਹੀਰੋਸ਼ੀਮਾਂ ਦੁਖਾਂਤ ਦੀ ਯਾਦ ਮਨਾਏ ਜਾਣ ਸਮੇਂ, ਮਾਤਮੀ ਧੁੰਨ ਦੌਰਾਨ 2 ਮਿੰਟ ਦਾ ਮੋਨ ਧਾਰ ਕੇ ਖੜ੍ਹੇ ਹੋਏ।


ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵੱਲੋਂ ਚਲਾਈਆਂ ਜਾਂ ਰਹੀਆਂ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਕੂਲ ਅਤੇ ਡਰੀਮਲੈਂਡ ਪਬਲਿਕ ਸਕੂਲ’ ਸੰਸਥਾਵਾਂ ਵਿਖੇ, ਹੀਰੋਸ਼ੀਮਾ ਦੁਖਾਂਤ ਦੀ ਵਰ੍ਹੇ ਗੰਢ ਮਨਾਈ ਗਈ। ਇਸ ਮੌਕੇ ’ਤੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ, ਉਸ ਦੁਖਾਂਤ ਵਿੱਚ ਜਾਨਾਂ ਵਾਰਨ ਵਾਲਿਆਂ ਦੀ ਯਾਦ ਵਿੱਚ, ਮਾਤਮੀ ਧੁੰਨ ਦੌਰਾਨ 2 ਮਿੰਟ ਦਾ ਮੋਨ ਧਾਰਿਆ। ਸੰਸਥਾਵਾਂ ਦੇ ਨਿਰਦੇਸ਼ਕ ਅਮਨਦੀਪ ਕੌਰ ਨੇ ਇਸ ਘਟਨਾ ਪਿਛਲੇ ਇਤਿਹਾਸ ਦੀ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ ਦੂਸਰੇ ਵਿਸ਼ਵ ਯੁੱਧ ਦੇ ਭਿਆਨਕ ਸਮਿਆਂ ਵਿੱਚ ਮਨਹਟਨ ਪ੍ਰੋਜੈਕਟ ਬਣਾ ਕੇ, ਅਥਾਹ ਧਨ ਖਰਚ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਗਿਆ ਕਿ ਐਟਮ ਬੰਬ ਬਣਨ ਤੋਂ ਬਾਅਦ ਇਸਦੀ ਪਰਖ, ਨਿਊ ਮੈਕਸੀਕੋ ਦੇ ਅਲਾਮੋਗਾਰਡੋ ਨਾਂ ਦੇ ਰੇਗਸਤਾਨ ਵਿੱਚ 16 ਜੁਲਾਈ 1945 ਨੂੰ ਕੀਤੀ ਗਈ ਸੀ। ਉਸ ਸਮੇਂ ਇਸਦੀ ਤੀਬਰਤਾ ਨੂੰ ਨੋਟ ਕਰਕੇ ਵਿਸ਼ਵ ਦੇ 70 ਵਿਗਿਆਨੀਆਂ ਨੇ, ਅਮਰੀਕੀ ਰਾਸ਼ਟਰਪਤੀ ਨੂੰ ਲਿਖਤੀ ਅਪੀਲ ਕੀਤੀ ਸੀ, ਕਿ ਜੇਕਰ ਇਸ ਬੰਬ ਨੂੰ ਸ਼ਹਿਰੀ ਆਬਾਦੀਆਂ ’ਤੇ ਫਟਾਇਆ ਗਿਆ, ਤਾਂ ਸਿੱਟੇ ਭਿਆਨਕ ਨਿੱਕਲਣਗੇ। ਤਸੀਹੇ ਭਰੀ ਮੌਤ ਮਾਰਨ ਵਾਲੀ, ਪ੍ਰਕਿਰਤੀ ਦਾ ਨਾਸ ਕਰਨ ਵਾਲੀ ਅਤੇ ਹਸਦੀ ਵਸਦੀ ਬਸਤੀ ਨੂੰ ਥੇਹ ਬਣਾਉਣ ਵਾਲੀ, ਇਸ ਦੀ ਭਿਆਨਕਤਾ, ਇਤਿਹਾਸ ਦੇ ਪੰਨਿਆਂ ’ਤੇ ਦਰਜ ਹੈ। ਵਾਈਸ ਪ੍ਰਿੰਸੀਪਲ ਮਨਦੀਪ ਕੌਰ ਅਤੇ ਬਾਇਓ ਅਧਿਆਪਕਾ ਬੇਅੰਤ ਕੌਰ ਨੇ ਇਸ ਦੁਖਾਂਤ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਸਮੇਂ ਦੇ ਹਾਕਮਾਂ ਨੇ ਆਪਣੀ ਹਉਮੈ ਨੂੰ ਪੱਠੇ ਪਾਉਂਦਿਆਂ ਲੱਖਾਂ ਸ਼ਹਿਰੀਆਂ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਦੇਸਾਂ ਨੇ ਹੁਣ ਵੀ, ਹਜ਼ਾਰਾਂ ਹੀ ਅਤਿ ਅਧੁਨਿਕ ਬੰਬ ਬਣਾ ਰੱਖੇ ਹਨ, ਜੋ ਇਸ ਧਰਤੀ ਨੂੰ ਸੈਕੜੇ ਗੁਣਾ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਦੱਸਿਆ ਗਿਆ ਕਿ ਅਧੁਨਿਕ ਜੰਗਾਂ ਬੇਹੱਦ ਘਾਤਕ ਹਨ, ਜੰਗੀ ਪਾਗ਼ਲਪਣ ਦੌਰਾਨ, ਹੁਣ ਦੂਰ ਬੈਠੇ ਹਾਕਮ, ਬੇਕਸੂਰ ਲੋਕਾਂ ਦਾ ਘਾਣ ਕਰਦੇ ਹਨ। ਇਸ ਮੌਕੇ ’ਤੇ ਰਸ਼ੀਆ ਅਤੇ ਯੂਕਰੇਨ ਦਰਮਿਆਨ, ਇਜ਼ਰਾਈਲ ਅਤੇ ਹਮਾਸ ਦੌਰਾਨ, ਹੋ ਰਹੇ ਜਨ ਜੀਵਨ ਦੇ ਘਾਣ ਦਾ ਵੀ ਜ਼ਿਕਰ ਕੀਤਾ ਗਿਆ। ਇਸ ਮੌਕੇ ’ਤੇ ਜਗਰੂਪ ਸਿੰਘ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਕਰਨਜੋਤ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।