Go Back
15
Sep
2025

My Village 360 ​​Kendra observation and vocational guidance

Type : Acitivity



ਮੇਰਾ ਪਿੰਡ 360 ਕੇਂਦਰ ਬਸੀ ਗੁੱਜਰਾਂ ਦਾ ਨਿਰੀਖਣ ਅਤੇ ਕਿੱਤਾ ਅਗਵਾਈ



ਮੇਰਾ ਪਿੰਡ 360 ਕੇਂਦਰ ਪਿੰਡ ਬਸੀ ਗੁੱਜਰਾਂ ਵਿਖੇ ‘ਨਾਨਕ ਹੱਟ’ ਦਾ ਉਦਘਾਟਨ ਕਰਨ ਸਮੇਂ ਅਤੇ ਵਿਦਿਆਰਥੀਆਂ ਲਈ ਕਿੱਤਾ ਮੁਖੀ ਅਗਵਾਈ ਦੀਆਂ ਤਸਵੀਰਾਂ


ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾ ਵਿਖੇ ‘ਖਾਲਸਾ ਏਡ ਇੰਟਰਨੈਸ਼ਨਲ’ ਦੇ ਸਹਿਯੋਗ ਨਾਲ ਚੱਲਦੇ, ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ ਪੰਜਾਬ ਦੇ ਅਦਾਰੇ ‘ਮੇਰਾ ਪਿੰਡ 360’ ਦਾ ਨਿਰੀਖਣ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਮੌੜ ਮੰਡੀ (ਬਠਿੰਡਾ) ਤੋਂ ਪਹੁੰਚੀ ਨਿਰੀਖਕ ਗੁਰਸ਼ਰਨ ਕੌਰ ਨੇ, ਇਸ ਕੇਂਦਰ ਤੋਂ ਉਪਕਾਰੀ ਅਧਾਰ ’ਤੇ ਕੀਤੇ ਜਾਂਦੇ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ ਕੇਂਦਰ ਜਿਲਾ ਹੁਸ਼ਿਆਰਪੁਰ ਵਿਖੇ ਪਿੰਡ ਕੋਟਲੀ ਅਰਾਈਆਂ, ਜ਼ਿਲਾ ਬਠਿੰਡਾ ਵਿੱਚ ਮੌੜ ਮੰਡੀ ਅਤੇ ਬੱਲ੍ਹੋ, ਜ਼ਿਲਾ ਲੁਧਿਆਣਾ ਵਿੱਚ ਰੂੜੇ ਵਾਲ ਅਤੇ ਜ਼ਿਲਾ ਮੋਗਾ ਵਿੱਚ ਪਿੰਡ ਲੋਪੋਂ ਵਿਖੇ ਚੱਲਦੇ ਹਨ। ਇਨ੍ਹਾਂ ਕੇਂਦਰਾਂ ਦੇ ਬਾਨੀਆਂ ਸ: ਭੁਪਿੰਦਰ ਸਿੰਘ ਹੁੰਦਲ, ਇੰਜ: ਮੱਖਣ ਲਾਲ ਗਰਗ ਅਤੇ ਇੰਜ: ਬਲਦੇਵ ਸਿੰਘ ਲੋਪੋਂ ਦੀ ਦੂਰ-ਅੰਦੇਸ਼ ਸੋਚ ਅਨੁਸਾਰ, ਇਨ੍ਹਾਂ ਕੇਂਦਰਾਂ ਦਾ ਮਨੋਰਥ ਲੋਕਾਂ ਨੂੰ ਪੇਂਡੂ ਇਲਾਕੇ ਵਿੱਚਲੇ ਲੋਕਾਂ ਨੂੰ, ਸ਼ਹਿਰਾਂ ਦੀ ਖੁਆਰੀ ਤੋਂ ਬਚਾਉਣ ਲਈ, ਨੇੜੇ ਅਤੇ (ਕੇਵਲ ਸਰਕਾਰੀ ਫੀਸ ’ਤੇ) ਮੁਫਤ ਸਹੂਲਤਾਂ ਦੇਣਾ ਹੈ। ਇਨ੍ਹਾਂ ਸਹੂਲਤਾਂ ਵਿੱਚ ਰੰਗਦਾਰ-ਤਸਵੀਰਾਂ, ਪਾਸਪੋਰਟ ਕਾਪੀਆਂ, ਡਰਾਈਵੰਗ ਲਾਇਸੰਸ, ਪਾਸਪੋਰਟ ਬਣਵਾਉਣੇ, ਰੇਲਵੇ ਅਤੇ ਹਵਾਈ ਟਿਕਟਾਂ, ਨੰਬਰ ਪਲੇਟਾਂ ਬਣਵਾਉਣੀਆਂ, ਪੈਨ ਕਾਰਡ ਬਣਵਾਉਣੇ, ਆਯੂਸਮਾਨ ਕਾਰਡ ਬਣਵਾਉਣੇ, ਬੀਮਾਂ ਕਿਸਤਾਂ ਭਰਨੀਆਂ, ਕੰਪਿਊਟਰ ਕੋਰਸ ਕਰਵਾਉਣੇ, ਸਿਹਤ-ਸੇਵਾਵਾਂ ਦੇਣੀਆਂ ਆਦਿ ਸ਼ਾਮਲ ਹਨ। ਇਸ ਮੌਕੇ ’ਤੇ ਉਨ੍ਹਾਂ ‘ਇਮਾਨਦਾਰੀ-ਮਿਸ਼ਨ’ ਅਧੀਨ ‘ਨਾਨਕ ਹੱਟ’ ਦਾ ਉਦਘਾਟਨ ਕੀਤਾ। ਦੱਸਿਆ ਗਿਆ ਕਿ ਇਸ ਹੱਟ ਵਿੱਚ ਵਿਦਿਆਰਥੀਆਂ ਦੀ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਰੱਖੀਆਂ ਜਾਣਗੀਆਂ, ਜਿਨ੍ਹਾਂ ਦੀ ਰੇਟ ਲਿਸਟ ਲੱਗੀ ਹੋਵੇਗੀ। ਵਿਦਿਆਰਥੀ ਵਸਤੂ ਲੈ ਕੇ ਰੇਟ ਅਨੁਸਾਰ, ਨਾਲ ਪਈ ਗੋਲਕ ਵਿੱਚ ਪੈਸੇ ਪਾ ਸਕਣਗੇ, ਕੋਈ ਵੀ ਵਿਅਕਤੀ ਇਸ ਹੱਟ ਦਾ ਨਿਗਰਾਨ ਨਹੀਂ ਹੋਵੇਗਾ, ਪਰ ਪ੍ਰਬੰਧਕਾਂ ਵੱਲੋਂ ਹਰ ਰੋਜ਼ ਇਸ ਹੱਟ ਦਾ ਸਾਮਾਨ ਨਵਿਆਇਆ ਜਾਵੇਗਾ। ਦੱਸਿਆ ਗਿਆ ਕਿ ਅਜਿਹਾ ਕਰਨ ਦਾ ਮਨੋਰਥ ਵਿਦਿਆਰਥੀਆਂ ਨੂੰ ਇਮਾਨਦਾਰੀ ਦਾ ਸਬਕ ਸਿਖਾਉਣਾ ਹੈ, ਲੋੜਵੰਦ ਵਿਦਿਆਰਥੀ ਇੱਥੋਂ ਮੁਫਤ ਸਮਾਨ ਵੀ ਲੈ ਸਕਣਗੇ। ਵਿਸ਼ੇਸ਼ ਇਕੱਤਰਤਾ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਲਾਇਬਰੇਰੀ ਦੀ ਮਹੱਤਤਾ ਦੱਸੀ, ਉਨ੍ਹਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਅਤੇ ਕਿਹਾ ਕਿ ਹਰ ਵਿਦਿਆਰਥੀ ਲਈ ਸਫਲਤਾ ਦਾ ਰਾਹ, ਲਾਇਬਰੇਰੀਆਂ ਵਿੱਚੀਂ ਹੋ ਕੇ ਹੀ ਲੰਘਦਾ ਹੈ। ਇਸ ਸਮੇਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਈ ਏ ਐੱਸ, ਆਈ ਪੀ ਐੱਸ, ਨੀਟ, ਇੰਜਨੀਅਰਿੰਗ ਕਾਲਜਾਂ ਦੀਆਂ ਵਕਾਰੀ ਸੰਸਥਾਵਾਂ ਆਦਿ ਦੀਆਂ ਪ੍ਰਵੇਸ਼-ਪ੍ਰੀਖਿਆਵਾਂ, ਇਨ੍ਹਾਂ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਸਿੱਖਿਆ ਲਈ ਉਪਯੋਗੀ ਵੈੱਬਸਾਈਟਾਂ ਬਾਰੇ ਦੱਸਿਆ। ਇਸ ਸਮੇਂ ਸੰਸਥਾਵਾਂ ਦੀ ਡਾਇਰੈਕਟਰ ਅਮਨਦੀਪ ਕੌਰ, ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਕਰਨਜੋਤ ਕੌਰ, ਰਮਨਦੀਪ ਸਿੰਘ, ਕਿਰਨਜੀਤ ਕੌਰ, ਜੈਸਮੀਨ ਕੌਰ ਆਦਿ ਸਟਾਫ ਮੈਂਬਰ ਸ਼ਾਮਲ ਸਨ।