Go Back
09
Nov
2025

Special gathering on cancer awareness and social evils

Type : Acitivity



ਕੈਂਸਰ-ਜਾਗਰੂਕਤਾ ਅਤੇ ਸਮਾਜਿਕ-ਕੁਰੀਤੀਆਂ ਵਿਸ਼ੇ ’ਤੇ ਵਿਸ਼ੇਸ਼ ਇਕੱਤਰਤਾ



ਕੈਂਸਰ ਵਿਰੁੱਧ ਜਾਗਰੂਕਤਾ ਇਕੱਤਰਤਾ ਦੌਰਾਨ, ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਵਿਦਿਆਰਥੀ


ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਜਗਮੋਹਣ ਸਿੰਘ ਨਾਰੰਗ)

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਅਧੀਨ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ ਸਿੱਖਿਆ-ਸੰਸਥਾਵਾਂ, ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ, ਬਹੁਮੰਤਵੀ-ਹਾਲ ਵਿੱਚ ਹੋਈ ਸਾਂਝੀ ਇਕੱਤਰਤਾ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ, ਕੈਂਸਰ ਦੀ ਨਾਮੁਰਾਦ ਬਿਮਾਰੀ ਵਿਰੁੱਧ ਸੁਚੇਤ ਕੀਤਾ ਗਿਆ। ਜੀਵ-ਵਿਗਿਆਨ ਦੀ ਲੈਕਚਰਾਰ ਬੇਅੰਤ ਕੌਰ ਨੇ ਦੱਸਿਆ ਕਿ ਵਾਤਾਵਰਣ, ਖਾਧ-ਖੁਰਾਕ ਅਤੇ ਮਾਨਸਿਕ-ਵਿਗਾੜਾਂ ਨਾਲ ਜੁੜਿਆ ਕੈਂਸਰ ਦਾ ਘਾਤਕ ਅਤੇ ਨਾਮੁਰਾਦ-ਰੋਗ, ਵਿਸ਼ਵ ਭਰ ਵਿੱਚ ਵਧ ਰਿਹਾ ਹੈ, ਪ੍ਰਭਾਵਤ ਪਰਿਵਾਰ ਇਸ ਪੀੜਾ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ, ਹਸਪਤਾਲਾਂ ਵਿੱਚ ਕੈਂਸਰ-ਰੋਗੀਆਂ ਲਈ ਵਿਸ਼ੇਸ਼ ਵਾਰਡ ਅਤੇ ਵਿਭਾਗ ਬਣੇ ਹਨ ਅਤੇ ਵਿਗਿਆਨ ਲਗਾਤਾਰ ਇਸ ਰੋਗ ਨਾਲ ਸਿੱਝਣ ਲਈ ਜੂਝਦਾ ਰਹਿੰਦਾ ਹੈ। ਉਨ੍ਹਾਂ ਸੁਚੇਤ ਕੀਤਾ ਕਿ ਕੈਂਸਰ ਜਿਹੇ ਭਿਆਨਕ-ਰੋਗ ਨੂੰ ‘ਹਟ ਪਿੱਛੇ’ ਕਹਿਣ ਲਈ, ਇੱਕੋ-ਇੱਕ ਉਪਾਅ ‘ਸਿਹਤਮੰਦ ਜੀਵਨ-ਸ਼ੈਲੀ’ ਹੈ। ਉਨ੍ਹਾਂ ਸੁਚੇਤ ਕੀਤਾ ਕਿ ਹਰ ਕਿਸਮ ਦਾ ਨਸ਼ਾ, ਜੀਭ ਦੇ ਸੁਆਦਾਂ ਲਈ ਖਾਏ ਜਾਂਦੇ, ਗੈਰ-ਮਿਆਰੀ ਬਾਜ਼ਾਰੂ-ਪਕਵਾਨ, ਲੰਮਾਂ ਸਮਾਂ ਦੂਸ਼ਿਤ ਦੁਆਲੇ ਵਿੱਚ ਰਹਿਣਾ ਆਦਿ ਤੋਂ ਇਲਾਵਾ ਹਰ ਕਿਸਮ ਦੇ ਮਾਨਸਿਕ-ਤਣਾਅ, ਇਸ ਰੋਗ ਨੂੰ ਬੁਲਾਵਾ ਦਿੰਦੇ ਹਨ। ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਸਭ ਨੂੰ ਸ਼ੁੱਧ ਖਾਦ-ਪਦਾਰਥ ਸੇਵਨ ਕਰਨ, ਕਸਰਤ ਕਰਨ, ਸ਼ੁੱਧ ਵਾਤਾਵਰਣ ਵਿੱਚ ਰਹਿਣ ਅਤੇ ਮਾਨਸਿਕ-ਸਿਹਤਮੰਦੀ ਲਈ ਪ੍ਰੇਰਨਾਦਾਇਕ-ਸਾਹਿਤ ਪੜ੍ਹਨ, ਚੰਗੇ ਅਤੇ ਅਨੁਭਵੀ- ਲੋਕਾਂ ਦੀ ਸੰਗਤ ਕਰਨ, ਲੋੜਵੰਦਾਂ ਪ੍ਰਤੀ ਦਿਆਲਤਾ ਅਪਨਾਉਣ, ਵਿਚਾਰ-ਗੋਸ਼ਟੀਆਂ ਦਾ ਹਿੱਸਾ ਬਣਨ ਅਤੇ ਕੁੱਲ ਮਿਲਾ ਕੇ ‘ਸਿਹਤਮੰਦ ਜੀਵਨ-ਸ਼ੈਲੀ’ ਅਪਨਾਉਣ ਲਈ ਪ੍ਰੇਰਿਆ। ਫਜਿਕਸ ਲੈਕਚਰਾਰ ਗੁਰਪ੍ਰੀਤ ਕੌਰ ਨੇ ਕੈਂਸਰ ਵਿਰੁੱਧ ਸਰਗਰਮ ਸਰੀਰਕ ਪਹਿਰੇਦਾਰੀ ’ਤੇ ਜ਼ੋਰ ਦਿੱਤਾ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਕੈਂਸਰ ਜਾਗਰੂਕਤਾ ਮੁਹਿੰਮ ਦੇ ਕੈਨੇਡਾ ਵਾਸੀ ਮਰਹੂਮ ਨੌਜਵਾਨ ਨਾਇਕ ‘ਟੌਰੀ ਫੌਕਸ’ ਦੇ ਕੈਂਸਰ-ਗ੍ਰਸਤ ਜੀਵਨ ਅਤੇ ਕੈਂਸਰ-ਫੰਡ ਇਕੱਠਾ ਕਰਨ ਲਈ ਕੀਤੀ ਗਈ ਕਠੋਰ-ਘਾਲਣਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਨੁੱਖੀ ਸਮਾਜ ਵਿੱਚ ਪ੍ਰਤੀਦਿਨ ਫੈਲ ਰਹੇ ਵਿਕਾਰਾਂ ਦੀਆਂ ਗੱਲਾਂ ਕੀਤੀਆਂ ਅਤੇ ਖਾਸ ਤੌਰ ’ਤੇ ਹਾਲ ਹੀ ਵਿੱਚ ਲੰਘੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪੁਰਬ ਦੌਰਾਨ ਵੱਡੇ ਪੱਧਰ ’ਤੇ ਆਤਿਸ਼ਬਾਜ਼ੀ ਚਲਾ ਕੇ, ਵਾਤਾਵਰਣ ਨੂੰ ਪਲੀਤ ਕੀਤੇ ਜਾਣ ਨੂੰ ਬੇਹੱਦ ਮੰਦਭਾਗਾ ਦੱਸਿਆ। ਇਸ ਸਮੇਂ, ਗੁਰਪੁਰਬ ’ਤੇ ਆਤਿਸ਼ਬਾਜ਼ੀ ਚਲਾਉਣ ਵਾਲੇ ਭੁਲੱਕੜਾਂ ਨੂੰ ਸੁਚੇਤ ਕਰਦੀ ਪੱਤਰਕਾਰ ‘ਸਵਰਨ ਟਹਿਣਾ’ ਦੀ ਆਡੀਓ ਵੀ ਸੁਣਾਈ ਗਈ ਅਤੇ ਬਠਿੰਡਾ ਦੀ ਸੁਪਰੀਮ ਕੋਰਟ ਵਿੱਚ ਵਕੀਲ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੀ ਨੇਤਰਹੀਣ ‘ਆਂਚਲ ਭੁਟੇਜਾ’ ਦੀ ਵੀਡੀਓ ਵਿਖਾਈ ਗਈ। ਇਸ ਮੌਕੇ ’ਤੇ ਪਿ੍ਰੰਸੀਪਲ ਕਰਨਜੋਤ ਕੌਰ, ਮਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਜਗਰੂਪ ਕੌਰ, ਰਣਧੀਰ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।